ਅੱਜ ਦਾ ਮੁੱਖਵਾਕ: ਸਲੋਕੁ ਮਃ ੩ ॥ ਪੁਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਤੇ ਸਾਸ ॥ ਮਨਮੁਖਾ ਨੋ ਕੋ ਨ ਦਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੋ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
ਮੰਗਲਵਾਰ, ੧੯ ਵੈਸਾਖ (ਸੰਮਤ ੫੫੫ ਨਾਨਕਸ਼ਾਹੀ) ੨ ਮਈ, ੨੦੨੩ (ਅੰਗ ੬੪੩)
ਪੰਜਾਬੀ ਵਿਆਖਿਆ: ਸਲੋਕੁ ਮਃ ੩ ॥ ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ ਸੰਸਕਾਰ-ਰੂਪ ਲੇਖ ਲਿਖਿਆ ਭਾਵ, ਉੱਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ; ਉਸ ਲੇਖ ਅਨੁਸਾਰ ਹੀ ਮੋਹ ਦੀ ਠਗਬੂਟੀ ਜਿਸ ਨੂੰ ਮਿਲ ਗਈ ਹੈ, ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ । ਉਸ ਸੰਸਾਰ ਨੂੰ ਜੀਊਂਦਾ ਨਾ ਸਮਝੋ, ਜੋ ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ, ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਨ੍ਹਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿੱਚ ਮੁਏ ਪਏ ਸਨ। ਉਹ ਪੁੱਤਰ ਇਸਤਰੀ, ਤਾਂ ਕੋਈ ਨਾਲ ਨਹੀਂ ਜਾਏਗਾ। ਸੰਸਾਰ ਦੇ ਲੋਕਾਂ ਵਿੱਚ ਵੀ ਉਨ੍ਹਾਂ ਦਾ ਮੂੰਹ ਕਾਲਾ ਹੋਇਆ ਭਾਵ, ਸ਼ਰਮਿੰਦੇ ਹੋਏ ਤੇ ਹੋਕੇ ਲੈਂਦੇ ਹਨ। ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ।
ਹੇ ਨਾਨਕ, ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ।੧। ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ ਆਪਾਂ ਨਿਵਾਰ ਕੋ ਪ੍ਰਭੂ ਵਿੱਚ ਸੁਭਾਵਿਕ ਹੀ ਲੀਨ ਹੋ ਜਾਂਦੇ ਹਨ। ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ, ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ। ਉਹ ਸੱਚੇ ਹਰੀ ਵਿੱਚ ਸਮਾਏ ਰਹਿੰਦੇ ਹਨ । ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ । ਮਨਮੁਖ ਆਪਣੇ ਮਤਲਬ ਦੇ ਪਿਆਰੇ ਹੋਣ ਕਰ ਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ, ਪਰ ਹੇ ਨਾਨਕ, ਉਨ੍ਹਾਂ ਦੇ ਸਿਰ ਕੀ ਦੋਸ਼? ਪਿਛਲੇ ਕੀਤੇ ਕੰਮਾਂ ਅਨੁਸਾਰ ਮੁੱਢ ਤੋਂ ਉੱਕਰਿਆ ਹੋਇਆ ਸੰਸਕਾਰ ਰੂਪ ਲੇਖ ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ।੨।
ਹੇ ਹਰਿ, ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੋਝ ਬਣਾਈ ਹੈ। ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ ਜਗਤ ਵਿੱਚ ਵਧਾ ਦਿੱਤਾ ਹੈ। ਇਸ ਮੋਹ ਤੋਂ ਉਪਜੇ ਹੰਕਾਰ ਵਿੱਚ ਲੱਗਾ ਦਰਗਾਹ ਵਿਚ ਲੇਖਾ ਮੰਗਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ। ਜਿਨ੍ਹਾਂ ਉੱਤੇ ਹਰਿ ਆਪ ਮੇਹਰ ਕਰਦਾ ਹੈ, ਉਨ੍ਹਾਂ ਨੂੰ ਸਤਿਗੁਰੂ ਨੇ ਇਹ ਸਮਝ ਪਾ ਦਿੱਤੀ ਹੈ। ਇਸ ਕਰਕੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩।
ਇਹ ਵੀ ਪੜ੍ਹੋ: ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ਜਸਵੀਰ ਸਿੰਘ ਦੀ ਹੋਈ ਮੌਤ, ਤਾਮਕੋਟ ਜੇਲ੍ਹ 'ਚ ਸੀ ਬੰਦ