ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਨ੍ਹਾਂ ਵਲੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ 100 ਸਾਲਾ ਸ਼ਤਾਬਦੀ ਸਮਾਗਮ 'ਚ ਹਿੱਸਾ ਲਿਆ ਜਾਵੇਗਾ। ਜਿਥੇ ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਸੇਵਾਵਾਂ ਨੂੰ ਮਜ਼ਬੂਰ ਕਰਨ ਲਈ ਵੱਡੇ ਐਲਾਨ ਕਰ ਸਕਦੇ ਹਨ।
ਮੈਡੀਕਲ ਕਾਲਜ ਦੀ ਸ਼ਤਾਬਦੀ ਸਮਾਗਮ ਦਾ ਹੋਣਗੇ ਹਿੱਸਾ: ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ 100 ਸਾਲ ਪੂਰੇ ਹੋਣ ਜਾ ਰਹੇ ਹਨ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਸਰਕਾਰੀ ਮੈਡੀਕਲ ਕਾਲਜ 'ਚ 100 ਸਾਲਾਂ ਸਥਾਪਨਾ ਦਿਵਸ ਸਮਾਗਮ ਮਨਾਇਆ ਜਾਵੇਗਾ। ਜਿਸ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਤੌਰ 'ਤੇ ਇਸ ਸਮਾਗਮ 'ਚ ਸ਼ਾਮਲ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਮਾਨ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਮੇਤ ਹੋਰ ਕੈਬਿਨਟ ਮੰਤਰੀ ਮੌਜੂਦ ਰਹਿਣਗੇ।
ਸਿਹਤ ਸੇਵਾਵਾਂ ਨੂੰ ਲੈਕੇ ਕਰ ਸਕਦੇ ਹਨ ਵੱਡਾ ਐਲਾਨ: ਕਾਬਿਲੇਗੌਰ ਹੈ ਕਿ ਮੈਡੀਕਲ ਕਾਲਜ ਦੇ ਇਸ ਸ਼ਤਾਬਦੀ ਸਮਾਗਮ 'ਚ ਪੂਰੇ ਦੇਸ਼ 'ਤੋਂ ਨਾਮੀ ਡਾਕਟਰ ਪਹੁੰਚਣਗੇ, ਜਿੰਨ੍ਹਾਂ ਵਲੋਂ ਸਿਹਤ ਖੇਤਰ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਸਬੰਧੀ ਸਮਾਗਮ ਨੂੰ ਲੈਕੇ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ 'ਚ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਿਥੇ ਪੰਜਾਬ ਅੰਦਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵੱਡੀ ਸੌਗਾਤ ਦਿੱਤੀ ਜਾਵੇਗੀ ਤਾਂ ਉਥੇ ਹੀ ਬਾਅਦ ਦੁਪਹਿਰ 3 ਵਜੇ ਮੈਡੀਕਲ ਕਾਲਜ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
ਸੂਬੇ 'ਚ ਆਮ ਆਦਮੀ ਕਲੀਨਿਕ: ਕਾਬਿਲੇਗੌਰ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ 'ਚ ਸੱਤਾ ਸਾਂਭਣ ਤੋਂ ਪਹਿਲਾਂ ਹੀ ਸਿੱਖਿਆ ਦੇ ਨਾਲ-ਨਾਲ ਸਿਹਤ ਖੇਤਰ 'ਚ ਕੰਮ ਕਰਨ ਦੀ ਗੱਲ ਆਖੀ ਜਾ ਰਹੀ ਸੀ। ਜਿਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਸੱਤਾ ਸਾਂਭਦੇ ਹੀ ਸੂਬੇ 'ਚ ਸੈਂਕੜੇ ਆਮ ਆਦਮੀ ਪਾਰਟੀ ਕਲੀਨਿਕ ਬਣਾਏ ਗਏ, ਜਿਥੇ ਮੌਕੇ 'ਤੇ ਕਲੀਨਿਕ 'ਚ ਕਈ ਟੈਸਟ ਮੁਫ਼ਤ ਕਰਨ ਦੀ ਗੱਲ ਆਖੀ ਅਤੇ ਦਵਾਈਆਂ ਵੀ ਅਸਾਨੀ ਨਾਲ ਦੇਣ ਦਾ ਦਾਅਵਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਸਿੱਖਿਆ ਤੇ ਸਿਹਤ ਨੂੰ ਉੱਚਾ ਚੁੱਕਣਗੇ ਤਾਂ ਜੋ ਕੋਈ ਸਿੱਖਿਆ ਅਤੇ ਇਲਾਜ ਤੋਂ ਵਾਂਝਾ ਨਾ ਰਹਿ ਸਕੇ।