ਅੰਮ੍ਰਿਤਸਰ: ਪੰਜਾਬ ਵਿੱਚ ਨਸ਼ਾ ਇਸ ਹੱਦ ਤੱਕ ਵਧ ਗਿਆ ਹੈ ਕਿ ਜੇ ਕੋਈ ਇਸਦਾ ਵਿਰੋਧ ਵੀ ਕਰਦਾ ਹੈ ਤਾਂ ਉਲਟਾ ਉਸਦਾ ਹੀ ਨੁਕਸਾਨ ਹੁੰਦਾ ਹੈ। ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਹਲਕਾ ਪੂਰਬੀ ਅਧੀਨ ਆਉਂਦੇ ਵੇਰਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਮੁਹੱਲੇ ਵਿੱਚ ਰਹਿੰਦੀ ਇੱਕ ਔਰਤ 'ਤੇ ਨਾਜਾਇਜ਼ ਸ਼ਰਾਬ ਵੇਚਣ ਅਤੇ ਮੁੰਡੇ ਬੁਲਾ ਕੇ ਮਾਰ-ਕੁਟਾਈ ਅਤੇ ਤੋੜਭੰਨ ਕਰਨ ਦੇ ਦੋਸ਼ ਲਗਾਏ ਹਨ।
ਅੰਮ੍ਰਿਤਸਰ ਦੇ ਕਸਬਾ ਵੇਰਕਾ ਵਿਖੇ ਮੁਹੱਲੇ ਵਿੱਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੀ ਇੱਕ ਔਰਤ ਦਾ ਜਦੋਂ ਇਲਾਕਾ ਨਿਵਾਸੀਆਂ ਨੇ ਵਿਰੋਧ ਕੀਤਾ ਤਾਂ ਔਰਤ ਨੇ ਮੁੰਡੇ ਬੁਲਾ ਕੇ ਇੱਕ ਨੌਜਵਾਨ 'ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰਨ ਦੇ ਨਾਲ ਨਾਲ ਸਕੌਡਾ ਗੱਡੀ ਵੀ ਭੰਨ ਦਿੱਤੀ।
ਜਾਣਕਾਰੀ ਦਿੰਦੇ ਹੋਏ ਜਸਪਿੰਦਰ ਸਿੰਘ ਅਤੇ ਪ੍ਰਮੋਦ ਤਿਵਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਔਰਤ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੀ ਹੈ ਜਦੋਂ ਇਲਾਕਾ ਨਿਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਸ਼ਰਾਬ ਲੈਣ ਆਏ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋਕੇ ਉਕਤ ਨੌਜਵਾਨ 'ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੀ ਵੀ ਤੋੜ ਭੰਨ ਕਰ ਦਿੱਤੀ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਅਤੇ ਇਲਾਕਾ ਨਿਵਾਸੀਆਂ ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਈ।
ਉੱਥੇ ਹੀ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਉਕਤ ਲੋਕਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਲਾਕੇ ਵਿੱਚ ਨਾਜਾਇਜ਼ ਚਲ ਰਹੇ ਧੰਦੇ ਬੰਦ ਹੋਣੇ ਚਾਹੀਦੇ ਹਨ।
ਇਹ ਵੀ ਪੜੋ: ਭਾਰਤ ਚੀਨ ਵਿਚਾਲੇ ਲੈਫਟੀਨੇਂਟ ਪੱਧਰ ਦੀ ਗੱਲਬਾਤ 'ਚ ਫ਼ੌਜ ਵਾਪਸ ਬੁਲਾਉਣ 'ਤੇ ਬਣੀ ਸਹਿਮਤੀ
ਉੱਥੇ ਹੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਤਕਰਾਰ ਹੋਇਆ ਸੀ, ਜਿਸ ਦੀ ਸ਼ਿਕਾਇਤ ਦੋਵਾਂ ਧਿਰਾਂ ਵੱਲੋਂ ਹੀ ਆਈ ਹੈ, ਸੀਸੀਟੀਵੀ ਵੀਡੀਓ ਨੂੰ ਖੰਗਾਲਿਆ ਜਾ ਰਿਹਾ ਹੈ, ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਉਪਰ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।