ਅੰਮ੍ਰਿਤਸਰ: ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਦੇ 3 ਮੈਡੀਕਲ ਕਾਲਜਾਂ ਫ਼ਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਕੋਵਿਡ-19 ਵਿੱਚ ਰੋਜ਼ਾਨਾ 9000 ਟੈਸਟ ਕਰਨ ਦੀ ਸਮਰੱਥਾ ਤਿਆਰ ਹੋ ਚੁੱਕੀ ਹੈ, ਜੋ ਕਿ ਪਹਿਲਾਂ 1050 ਸੀ।
ਉਨ੍ਹਾਂ ਦੱਸਿਆ ਕਿ ਅਜਿਹਾ ਸਰਕਾਰ ਵੱਲੋਂ ਕੋਵਿਡ ਵਿਰੁੱਧ ਵਿੱਢੀ ਜੰਗ ਨੂੰ ਫਤਿਹ ਕਰਨ ਲਈ ਚੁੱਕੇ ਕਦਮਾਂ ਤਹਿਤ ਨਵੀਆਂ ਮਸ਼ੀਨਾਂ ਦੀ ਖਰੀਦ ਨਾਲ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਤਿੰਨੇ ਸਰਕਾਰੀ ਮੈਡੀਕਲ ਕਾਲਜ ਪੰਜਾਬ ਭਰ ਵਿੱਚੋਂ ਆਏ ਨਮੂਨਿਆਂ ਵਿੱਚੋਂ ਰੋਜ਼ਾਨਾ ਲਗਭਗ 9 ਹਜ਼ਾਰ ਕੋਰੋਨਾ ਦੇ ਟੈਸਟ ਕਰ ਰਹੇ ਹਨ।
ਅੰਮ੍ਰਿਤਸਰ ਦੀ ਗੱਲ ਕਰਦੇ ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸ਼ਹਿਰ ਵਾਸੀਆਂ ਦੇ 1000 ਦੇ ਕਰੀਬ ਕੋਵਿਡ ਟੈਸਟ ਕੀਤੇ ਗਏ ਸਨ, ਜਿੰਨਾਂ ਵਿੱਚੋਂ ਕੇਵਲ 10 ਮਰੀਜ਼ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਅਤੇ 990 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਡਰਨ ਦੀ ਲੋੜ ਨਹੀਂ, ਬਲਕਿ ਸਾਵਧਾਨ ਰਹਿਣ ਦੀ ਲੋੜ ਹੈ। ਸੋਨੀ ਨੇ ਦੱਸਿਆ ਕਿ ਇਸ ਸਮੇਂ ਅੰਮ੍ਰਿਤਸਰ ਵਿੱਚ 126 ਕੋਰੋਨਾ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸ਼ਹਿਰ ਦੇ ਭੀੜ-ਭਾੜ ਵਾਲੇ ਫੁੱਲਾਂ ਵਾਲਾ ਚੌਂਕ, ਕਟੜਾ ਚੜਤ ਸਿੰਘ, ਲੋਹਗੜ, ਸ਼ਕਤੀਨਗਰ, ਕਟੜਾ ਸੰਤ ਸਿੰਘ, ਬੰਬੇ ਵਾਲਾ ਖੂਹ, ਕਟੜਾ ਮੋਤੀ ਰਾਮ ਅਤੇ ਗਲੀ ਕਦਾਨੰਨ ਵਾਲੀ ਨੂੰ ਕੰਟੋਨਮੈਂਟ ਜੋਨ ਵਿੱਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ 38,833 ਲੋਕਾਂ ਦੇ ਟੈਸਟ ਕੀਤੇ ਗਏ ਹਨ ਜਿੰਨਾਂ ਵਿੱਚੋਂ 1044 ਪੌਜ਼ੀਟਿਵ ਪਾਏ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਇਹ ਵੀ ਪੜੋ: ਪੰਜਾਬ ਪੁਲਿਸ ਨੇ 5 ਨਸ਼ਾ ਤਸਕਰਾਂ ਦੀ ਜਾਇਦਾਦ ਕੀਤੀ ਕੁਰਕੀ
ਸੋਨੀ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੁਝ ਨਿੱਜੀ ਲੈਬਾਰਟਰੀਆਂ ਵੱਲੋਂ ਕੋਰੋਨਾ ਦੀ ਗਲਤ ਰਿਪੋਰਟ ਦਿੱਤੀ ਗਈ ਹੈ। ਉਨ੍ਹਾ ਨਿੱਜੀ ਲੈਬਾਰਟਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕਿਸੇ ਵੀ ਕੋਰੋਨਾ ਮਰੀਜ਼ ਦੀ ਰਿਪੋਰਟ ਗਲਤ ਦਿੱਤੀ ਗਈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰੀ ਹਸਪਤਾਲ ਤੋਂ ਹੀ ਆਪਣੇ ਟੈਸਟ ਕਰਵਾਉਣ।