ਅੰਮ੍ਰਿਤਸਰ: ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਅੱਜ ਆਪਣੇ ਗ੍ਰਹਿ ਵਿਖੇ ਮੁਲਾਕਾਤ ਦੌਰਾਨ ਇੱਕ ਧਰਮਸ਼ਾਲਾ ਕਮੇਟੀ ਅਤੇ ਇੱਕ ਸੁਸਾਇਟੀ ਨੂੰ ਵੱਖ ਵੱਖ ਰਾਸ਼ੀਆਂ ਦੇ ਚੈੱਕ ਭੇਂਟ ਕੀਤੇ ਗਏ ਹਨ। ਇਸ ਮੌਕੇ ਮੰਤਰੀ ਓ.ਪੀ ਸੋਨੀ ਨੇ ਦੱਸਿਆ ਕਿ ਕੇਂਦਰੀ ਵਾਲਮੀਕ ਮੰਦਿਰ ਧਰਮਸ਼ਾਲਾ ਕਮੇਟੀ ਨੂੰ ਸਾਢੇ ਚਾਰ ਲੱਖ ਰੁਪੈ (4.5) ਅਤੇ ਭਗਤ ਨਾਮਦੇਵ ਸੁਸਾਇਟੀ ਨੂੰ ਢਾਈ ਲੱਖ ਰੁਪੈ (2.5) ਦੇ ਚੈੱਕ ਭੇਂਟ ਕੀਤੇ ਗਏ ਹਨ।
ਇਸ ਮੌਕੇ ਮੰਤਰੀ ਸੋਨੀ ਨੇ ਕਰੋਨਾ ਵੈਕਸੀਨ ਸਬੰਧੀ ਸ਼ੋਸ਼ਲ ਮੀਡੀਆ ਤੇ ਚੱਲ ਰਹੀਆਂ ਅਫਵਾਹਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਕਿਉਂਕਿ ਦੁਨੀਆਂ ਭਰ ਵਿੱਚ ਕਰੋੜਾਂ ਲੋਕਾਂ ਨੇ ਕਰੋਨਾ ਤੋਂ ਬਚਣ ਲਈ ਇਹ ਟੀਕੇ ਲਗਵਾਏ ਹਨ ਅਤੇ ਇਕੱਲੇ ਅੰਮ੍ਰਿਤਸਰ ਜਿਲੇ੍ ਵਿੱਚ ਹੀ 2 ਲੱਖ ਤੋਂ ਵੱਧ ਲੋਕਾਂ ਨੂੰ ਇਹ ਵੈਕਸੀਨ ਲਗਾਈ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਦਾ ਕੋਈ ਮਾੜਾ ਪ੍ਰਭਾਵ ਸਾਹਮਣੇ ਨਹੀਂ ਆਇਆ ਹੈ, ਜਦ ਕਿ ਉਲਟਾ ਜਿੰਨਾਂ ਲੋਕਾਂ ਨੇ ਇਸ ਟੀਕੇ ਦੀ ਇੱਕ ਹੀ ਡੋਜ਼ ਲਈ ਸੀ ਅਤੇ ਉਨ੍ਹਾਂ ਨੂੰ ਕਿਸੇ ਕੋਲੋਂ ਕਰੋਨਾ ਦੀ ਲਾਗ ਲੱਗੀ ਹੈ ਤਾਂ ਉਹ ਵੀ ਛੇਤੀ ਤੰਦਰੁਸਤ ਹੋਏ ਹਨ, ਜਿਸ ਦਾ ਕਾਰਣ ਹੈ ਕਿ ਪਹਿਲੀ ਡੋਜ਼ ਨੇ ਉਨ੍ਹਾਂ ਦੀ ਅੰਦਰੂਨੀ ਸਰੀਰਕ ਸਮਰੱਥਾ ਵਿੱਚ ਵਾਧਾ ਕਰ ਦਿੱਤਾ ਸੀ ਅਤੇ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਤੰਦਰੁਸਤ ਹੋ ਗਏ ਹਨ।
ਸ੍ਰੀ ਸੋਨੀ ਨੇ ਕਿਹਾ ਕਿ 45 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਨੂੰ ਇਹ ਟੀਕਾ ਜਰੂਰ ਲਗਵਾਉਣਾ ਚਾਹੀਦਾ ਹੈ ਅਤੇ ਟੀਕਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਇਆ ਜਾ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਹੀ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
ਇਹ ਵੀ ਪੜ੍ਹੋ: ਬੇਰਹਿਮ ਚਾਚੀ ਨੇ 3 ਮਹੀਨੇ ਦੀ ਭਤੀਜੀ ਨੂੰ ਮਿੱਟੀ 'ਚ ਦੱਬਿਆ