ਚੰਡੀਗੜ੍ਹ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਹੈ। ਲਗਾਤਾਰ ਭਾਰਤੀ ਸਰਹੱਦਾਂ ਉੱਪਰ ਘੁਸਪੈਠ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਡਰੋਨਾਂ ਰਾਹੀਂ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਦੀਆਂ ਘਟਨਾਵਾਂ ਵਿੱਚ ਵੀ ਦਿਨ ਬ ਦਿਨ ਵਾਧਾ ਹੋ ਰਿਹਾ ਹੈ।
ਬੀਐਸਐਫ ਨੇ ਕੌਮਾਂਤਰੀ ਸਰਹੱਦ 'ਤੇ ਗੋਲੀਬਾਰੀ ਕਰਕੇ ਪਾਕਿਸਤਾਨੀ ਡਰੋਨ ਨੂੰ ਵਾਪਿਸ ਮੋੜਿਆ ਹੈ। ਇਸਦੇ ਨਾਲ ਹੀ ਬੀਐਸਐਫ ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਬੀਐਸਐਫ ਵੱਲੋਂ ਕਾਬੂ ਕੀਤੇ ਗਏ ਘੁਸਪੈਠੀਏ ਤੋਂ 2 ਹਜ਼ਾਰ ਰੁਪਏ ਤੋਂ ਵੱਧ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ। ਨਾਲ ਹੀ ਉਸ ਕੋਲੋਂ ਸਿਗਰਟ ਅਤੇ ਲਾਈਟਰ ਵੀ ਬਰਾਮਦ ਹੋਇਆ ਹੈ। ਮੁਲਜ਼ਮ ਦੀ ਪਛਾਣ ਫਤਿਹ ਅਲੀ ਖਾਨ ਵਜੋਂ ਹੋਈ ਦੱਸੀ ਜਾ ਰਹੀ ਹੈ।
ਬੀਐੱਸਐੱਫ ਦੇ ਜਵਾਨਾਂ ਨੇ ਬੁੱਧਵਾਰ ਤੜਕੇ ਅਜਨਾਲਾ ਸੈਕਟਰ ਵਿੱਚ ਬੀਓਪੀ ਭੈਣੀਆਂ ਨੇੜੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਹੈ। ਬੀਐਸਐਫ ਦੀ 173 ਬਟਾਲੀਅਨ ਨੇ ਜਿਉਂ ਹੀ ਡਰੋਨਾ ਉੱਪਰ ਗੋਲੀਬਾਰੀ ਕੀਤੀ ਤਾਂ ਡਰੋਨਾ ਵਾਪਿਸ ਪਾਕਿਸਤਾਨ ਵਾਲੇ ਪਾਸੇ ਨੂੰ ਚਲਾ ਗਿਆ। ਫਿਲਹਾਲ ਬੀਐਸਐਫ ਅਤੇ ਪੁਲਿਸ ਵੱਲੋਂ ਮਿਲਕੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਭਾਰਤੀ ਸਰਹੱਦ ਅੰਦਰ ਨਸ਼ਾ ਅਤੇ ਹਥਿਆਰਾਂ ਦੀ ਖੇਪ ਨੂੰ ਸੁੱਟਿਆ ਗਿਆ ਹੈ। ਪਾਕਿਸਤਾਨ ਦੀਆਂ ਖੂਫੀਆਂ ਏਜੰਸੀਆਂ ਦੇ ਇਸ਼ਾਰੇ ਉੱਪਰ ਇਸ ਘਟਨਾ ਨੂੰ ਅੰਜ਼ਾਮ ਦੇਣ ਦੀ ਗੱਲ ਕਹੀ ਜਾ ਰਹੀ ਹੈ।
ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸਰਹੱਦੀ ਖੇਤਰ ਵਿੱਚ ਵਧ ਰਹੀਆਂ ਘਟਨਾਵਾਂ ਨੂੰ ਲੈਕੇ ਨਵੀਂ ਮੁਹਿੰਗ ਵਿੱਢੀ ਗਈ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਦੇ ਚਲਦੇ ਹੀ ਬੀਐਸਐਫ ਵੱਲੋਂ ਡਰੋਨ ਰਾਹੀਂ ਨਸ਼ਾ ਤਸਕਰੀ ਅਤੇ ਹਥਿਆਰ ਦੀ ਸਪਲਾਈ ਕਰਨ ਵਾਲੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਈਆ ਇਨਾਮ ਦੇਣ ਦਾ ਐਲਾਨ ਕੀਤਾ । ਜਾਣਕਾਰੀ ਲਈ ਬੀਐਸਐਫ ਵੱਲੋਂ ਮੋਬਾਈਲ ਨੰਬਰ 9417809047 ਅਤੇ 0181-2233348 ਜਾਰੀ ਕੀਤੇ ਗਏ ਹਨ। ਇਸਦੇ ਨਾਲ ਹੀ ਬੀਐਸਐਫ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਸਬੰਧੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: HIV ਪਾਜ਼ੀਟਿਵ ਖੂਨ ਚੜ੍ਹਾਉਣ ਦੇ ਮਾਮਲੇ ’ਚ ਵੱਡਾ ਐਕਸ਼ਨ