ਅੰਮ੍ਰਿਤਸਰ: ਪੰਜਾਬ ’ਚ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਗੁੰਡਾਗਰਦੀ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਅੰਮ੍ਰਿਤਸਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ (Bloody clash in Amritsar during election code) ਵੇਖਣ ਨੂੰ ਮਿਲਿਆ ਹੈ।
ਜ਼ਿਲ੍ਹੇ ਅੰਮ੍ਰਿਤਸਰ ਦੇ ਅੰਨਗੜ੍ਹ ਇਲਾਕੇ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਆਪਸ ਵਿੱਚ ਭਿੜਦੇ ਵਿਖਾਈ ਦੇ ਰਹੇ ਹਨ। ਇਸ ਆਪਸੀ ਤਕਰਾਰ ਦੇ ਚੱਲਦੇ ਇੱਕ ਧਿਰ ਵੱਲੋਂ ਹਵਾਈ ਫਾਇਰ ਕੀਤਾ ਗਿਆ ਹੈ ਜਿਸ ਦੀ ਆਵਾਜ਼ ਵੀਡੀਓ ਵਿੱਚ ਸੁਣਾਈ ਦੇ ਰਹੀ ਹੈ। ਇਸ ਘਟਨਾ ਵਿੱਚ ਇੱਕ ਧਿਰ ਦੇ ਕਈ ਲੋਕ ਜ਼ਖ਼ਮੀ ਹੋਏ ਹਨ।
ਜ਼ਖ਼ਮੀਆਂ ਨੇ ਦੱਸਿਆ ਕਿ ਉਨ੍ਹਾਂ ’ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਕਾਫੀ ਭੰਨਤੋੜ ਕੀਤੀ ਗਈ ਹੈ ਇੱਥੋਂ ਤੱਕ ਕਿ ਗਲੀ ਵਿੱਚ ਖੜ੍ਹਾ ਉਨ੍ਹਾਂ ਦਾ ਮੋਟਰਸਾਇਕਲ ਵੀ ਤੋੜ ਦਿੱਤਾ ਗਿਆ ਹੈ। ਪੀੜਤਾਂ ਵੱਲੋਂ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਪੁਲਿਸ ਦੀ ਕਾਰਗੁਜਾਰੀ ਉੱਪਰ ਸਵਾਲ ਖੜ੍ਹੇ ਕਰਦਾ ਵੀ ਵਿਖਾਈ ਦੇ ਰਿਹਾ ਹੈ।
ਓਧਰ ਦੂਜੇ ਪਾਸੇ ਘਟਨਾ ਸਥਾਨ ਉੱਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਧਿਰਾਂ ਵਿੱਚ ਝਗੜਾ (Bloody clash) ਹੋਇਆ ਹੈ ਅਤੇ ਇਸ ਝਗੜੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਜਾਂਚ ਦੌਰਾਨ ਹਵਾਈ ਫਾਇਰ ਹੋਣ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਉਨ੍ਹਾਂ ਦੱਸਿਆ ਫਾਇਰਿੰਗ ਕਿਸ ਧਿਰ ਵੱਲੋਂ ਕੀਤੀ ਗਈ ਹੈ ਅਤੇ ਕਿੰਨ੍ਹੇ ਫਾਇਰ ਕੀਤੇ ਗਏ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਪੁਲਿਸ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਵਿੱਚ ਹੈ। ਪੁਲਿਸ ਵੱਲੋਂ ਚੋਣ ਜ਼ਾਬਤੇ ਦੇ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਸ਼ਰੇਆਮ ਸ਼ਹਿਰ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜੋ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਰੇਲ ਗੱਡੀ ਹੇਠ ਆਉਣ ਨਾਲ 22 ਸਾਲਾ ਨੌਜ਼ਵਾਨ ਗੰਭੀਰ ਜ਼ਖ਼ਮੀ