ਮਜੀਠਾ: ਪਿੰਡ ਚਵਿੰਡਾ ਦੇਵੀ ਵਿਖੇ ਦੁਕਾਨ ਨੂੰ ਲੈਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋਈ। ਇਸ ਝੜਪ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ‘ਤੇ ਫਾਇਰਿੰਗ ਵੀ ਕੀਤੀ ਗਈ। ਨਾਲ ਹੀ ਤੇਜ਼ਧਾਰ ਹਥਿਆਰਾਂ ਨਾਲ ਇੱਕ-ਦੂਜੇ ‘ਤੇ ਹਮਲੇ ਕੀਤੇ ਗਏ। ਗੋਲੀ ਚੱਲਣ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਰਾਮ ਨੇ ਦੱਸਿਆ ਕਿ ਉਹ ਕੋਰਟ ਦੇ ਹੁਕਮਾਂ ਮੁਤਾਬਕ ਰਿਪੇਅਰ ਦਾ ਕੰਮ ਕਰਨ ਲੱਗਿਆ ਸੀ, ਕਿ ਅਚਾਨਕ ਉਸ ਦੀ ਦੁਕਾਨ ਦੇ ਉੱਪਰ ਆ ਕੇ ਮਦਨ ਲਾਲ ਅਤੇ ਉਸ ਦੇ ਪਰਿਵਾਰ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਨਾਲੇ ਗੋਲੀਆਂ ਚਲਾਈਆਂ।
ਨਗਰ ਅੰਦਰ ਦੂਜੀ ਧਿਰ ਨੇ ਦੱਸਿਆ, ਕਿ ਉਨ੍ਹਾਂ ਦੀ ਦੁਕਾਨ ਉਪਰ ਅਚਾਨਕ ਬੰਦਿਆਂ ਵੱਲੋਂ ਹਮਲਾ ਕੀਤਾ ਗਿਆ। ਜਿਸ ਕਰਕੇ ਉਨ੍ਹਾਂ ਨੇ ਆਪਣੇ ਬਚਾਅ ਵਿੱਚ ਗੋਲੀ ਚਲਾ ਦਿੱਤੀ। ਇਸ ਝੜਪ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਉਥੇ ਹੀ ਡਾਕਟਰ ਸੁਖਬੀਰ ਸਿੰਘ ਸਰਜਨ ਦਾ ਕਹਿਣਾ ਹੈ, ਕਿ ਚਾਰ ਮਰੀਜ਼ ਐਮਰਜੈਂਸੀ ਵਿੱਚ ਸਾਡੇ ਕੋਲ ਇਲਾਜ਼ ਲਈ ਆਏ ਸਨ। ਜੋ ਕਿਸੇ ਲੜਾਈ ਝਗੜੇ ਦੌਰਾਨ ਜ਼ਖ਼ਮੀ ਹੋਏ ਹਨ। ਜਿਨ੍ਹਾਂ ਵਿੱਚ ਇੱਕ ਵਿਅਕਤੀ ਕਹਿ ਰਿਹਾ ਹੈ, ਕਿ ਉਸ ਨੂੰ ਗੋਲੀ ਲੱਗੀ ਹੈ। ਜਦੋਂ ਅਸੀਂ ਮਰੀਜ਼ ਨੂੰ ਵੇਖਿਆ, ਤਾਂ ਉਸ ਦੇ ਕੋਈ ਗੋਲੀ ਵਾਲਾ ਨਿਸ਼ਾਨ ਨਹੀਂ ਸੀ।
ਉਧਰ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ, ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ। ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।