ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਨੇਤਾ ਉਤੇ ਗੋਲੀਆਂ ਚੱਲਣ ਤੋਂ ਬਾਅਦ ਫਿਰ ਤੋਂ ਪੰਜਾਬ ਦੀ ਕਨੂੰਨ ਵਿਵਸਥਾ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਹਨ। ਭਾਜਪਾ ਆਗੂ ਬਲਵਿੰਦਰ ਗਿੱਲ ਉਤੇ ਐਤਵਾਰ ਰਾਤ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਭਾਜਪਾ ਆਗੂ ਬਲਵਿੰਦਰ ਗਿੱਲ ਦਾ ਹਾਲ ਚਾਲ ਜਾਣਨ ਲਈ ਲਗਾਤਾਰ ਹਸਪਤਾਲ ਵਿੱਚ ਆ ਰਹੇ ਹਨ। ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਡਾਕਟਰ ਰਾਜ ਕੁਮਾਰ ਵੇਰਕਾ ਵੱਲੋਂ ਵੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਉਥੇ ਹੀ ਜੰਡਿਆਲਾ ਗੁਰੂ ਤੋਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਸਮਿੱਤਰ ਸਿੰਘ ਵੀ ਬਲਵਿੰਦਰ ਗਿੱਲ ਦਾ ਹਾਲ ਚਾਲ ਜਾਨਣ ਲਈ ਪਹੁੰਚੇ।
ਸੂਬੇ 'ਚ ਕੋਈ ਸੁਰੱਖਿਅਤ ਨਹੀਂ: ਜਸਮਿਤਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਅਮਨ ਕਾਨੂੰਨ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੋਈ ਸਿਆਸੀ ਆਗੂ, ਮੁਲਾਜ਼ਮ, ਵਿਦਿਆਰਥੀ ਕੋਈ ਵੀ ਪੰਜਾਬ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਆਗੂ ਨੇ ਕਿਹਾ ਕਿ ਬਲਵਿੰਦਰ ਗਿੱਲ ਦੇ ਘਰ ਆ ਕੇ ਕੁਝ ਅਣਪਛਾਤੇ ਲੋਕਾਂ ਨੇ ਫਾਇਰਿੰਗ ਕੀਤੀ ਹੈ। ਜਿਸ ਕਾਰਨ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਅਪ੍ਰੇਸ਼ਨ ਤਾਂ ਕਾਮਜਾਬ ਰਿਹਾ ਪਰ ਸਥਿਤੀ ਹਾਲੇ ਵੀ ਖ਼ਤਰੇ ਦੇ ਵਿੱਚ ਹੈ।
ਆਪ ਸਰਕਾਰ ਹੋਈ ਫੇਲ੍ਹ: ਭਾਜਪਾ ਆਗੂ ਜਸਮਿਤਰ ਸਿੰਘ ਨੇ ਆਪ ਉਤੇ ਨਿਸ਼ਾਨਾ ਸਾਧਦੇ ਕਿਹਾ ਕਿ ਇਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਉਨ੍ਹਾਂ ਕੋਲੋ ਲਾਅ ਇਨ ਆਰਡਰ ਸੰਭਾਲਿਆ ਨਹੀ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਉਹ ਨਹੀ ਸੰਭਾਲ ਸਕਦੇ ਤਾਂ ਹੱਥ ਖੜ੍ਹੇ ਕਰ ਦੇਣ ਜਿਸ ਤੋਂ ਬਾਅਦ ਕੇਂਦਰ ਆਪ ਹੀ ਦੇਖ ਲਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਜੋ ਨਾਜ਼ੁਕ ਸਥਿਤੀ ਵਿੱਚੋ ਗੁਜ਼ਰ ਰਿਹਾ ਹੈ। ਉਨ੍ਹਾ ਕਿਹਾ ਕਿ ਸਭ ਨੂੰ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਕੋਲੋ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ।
ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਥਿਤੀ: ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੀ ਸਰਕਾਰ ਨਕੰਮੀ ਹੋ ਜਾਵੇ ਅਤੇ ਸੂਬਾ ਸਰਕਾਰ ਤੋਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਨਾਂ ਹੋਵੇ ਤਾਂ ਸੰਭਾਵੀ ਗੱਲ ਹੈ ਕਿ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਜੇਕਰ ਇਸ ਸਥਿਤੀ ਨੂੰ ਸਰਕਾਰ ਨਹੀਂ ਸੰਭਾਲਦੀ ਤਾਂ ਇਸ ਦੇ ਖਿਲਾਫ ਅਸੀ ਧਰਨਾ ਪ੍ਰਦਰਸ਼ਨ ਕਰਾਗੇ। ਜੇਕਰ ਜਲਦ ਤੋਂ ਜਲਦ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਜਾਂਦੀਆਂ ਤਾਂ ਪਾਰਟੀ ਹਾਈਕਮਾਨ ਨਾਲ ਗੱਲ ਕਰਕੇ ਪੰਜਾਬ ਸਰਕਾਰ ਦਾ ਭਰਵਾਂ ਵਿਰੋਧ ਕਰਾਗੇ।
ਇਹ ਵੀ ਪੜ੍ਹੋ:- ਜ਼ਮੀਨ ਵਿੱਚੋਂ ਹਿੱਸਾ ਲੈਣ ਆਏ ਪੁੱਤ ਉੱਤੇ ਪਿਤਾ ਨੇ ਚਲਾਈ ਗੋਲੀ !