ਅੰਮ੍ਰਿਤਸਰ: ਸਿਆਸੀ ਰੰਜਿਸ਼ ਤਹਿਤ ਕਤਲ ਕੀਤੇ ਗਏ ਹਲਕਾ ਮਜੀਠਾ ਦੇ ਅਕਾਲੀ ਆਗੂ ਸਾਬਕਾ ਸਰਪੰਚ ਅੰਮ੍ਰਿਤਧਾਰੀ ਗੁਰਸਿੱਖ ਬਾਬਾ ਗੁਰਦੀਪ ਸਿੰਘ ਉਮਰਪੁਰਾ ਨੂੰ ਸ਼ੁਕਰਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂ ਵੀ ਪਹੁੰਚੇ। ਮਜੀਠੀਆ ਨੇ ਕਿਹਾ ਕਿ ਗੈਂਗਸਟਰਾਂ ਅਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਕਾਂਗਰਸੀਆਂ ਨੂੰ ਅੰਜਾਮ ਤੱਕ ਪਹੁੰਚਾ ਕੇ ਰਹਿਣਗੇ।
ਪੁਲਿਸ ਨੂੰ ਤਾੜਨਾ ਦਿੰਦਿਆਂ ਕਿਹਾ ਬਿਕਰਮ ਮਜੀਠੀਆ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਤੁਰੰਤ ਐਕਸ਼ਨ ਲੈਣ ਨਹੀਂ ਤਾਂ ਰੋਸ ਧਰਨਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਬਾਬਾ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਦੀ ਚਿਖਾ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਸਾਥੀ ਅਤੇ ਉਨ੍ਹਾਂ ਦੇ ਭਰਾ ਹਰਦੀਪ ਸਿੰਘ ਨੇ ਅਗਨੀ ਦਿਖਾਈ। ਇਸ ਮੌਕੇ ਸਾਰਾ ਇਲਾਕਾ ਹੀ ਸੋਗ ਵਿੱਚ ਦਿਖਾਈ ਦਿੱਤਾ।
ਬਾਬਾ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਮਜੀਠੀਆ ਨੇ ਕਿਹਾ ਕਿ ਭਾਵੇ ਉਨ੍ਹਾਂ ਨੂੰ ਵਿਰੋਧੀਆਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਫਿਰ ਵੀ ਉਹ ਪਿੱਛੇ ਨਹੀਂ ਹੱਟਣਗੇ ਅਤੇ ਵਰਕਰਾਂ ਲਈ ਇਨਸਾਫ਼ ਮਿਲਣ ਤੱਕ ਹਿੱਕ ਠੋਕ ਕੇ ਲੜਾਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬਾਬਾ ਗੁਰਦੀਪ ਸਿੰਘ ਇਕ ਅੰਮ੍ਰਿਤਧਾਰੀ ਨਿੱਤਨੇਮੀ ਸਨ, ਜਿਨ੍ਹਾਂ ਨੂੰ ਗੁਰਪੁਰਬ ਦੀ ਤਿਆਰੀ 'ਚ ਲੱਗਿਆ ਹੋਇਆਂ ਨੂੰ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਮਜੀਠਾ ਪੁਲਿਸ ਨੂੰ ਸਵਾਲ ਕੀਤਾ ਕਿ ਕੀ ਉਹ ਜਿਨ੍ਹਾਂ 'ਤੇ ਯੋਜਨਾਬੱਧ ਕਤਲ ਦਾ ਦੋਸ਼ ਹੈ। ਉਨ੍ਹਾਂ ਖ਼ਿਲਾਫ਼ ਇਸ ਲਈ ਕਾਰਵਾਈ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਹੈ?
ਮਜੀਠੀਆ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ 24 ਦਸੰਬਰ ਅਤੇ ਇਸ ਤੋਂ ਪਹਿਲਾਂ 26 ਨਵੰਬਰ ਨੂੰ ਡੀਜੀਪੀ ਪੰਜਾਬ ਅਤੇ ਹੋਰਨਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਲਿਖ਼ਤੀ ਦਰਖਾਸਤਾਂ ਦਿੰਦਿਆਂ ਆਪਣੇ ਸਾਥੀਆਂ ਅਤੇ ਅਕਾਲੀ ਦਲ ਦੇ ਹਮਾਇਤੀਆਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਦੁਹਾਈ ਪਾਈ ਗਈ, ਜਿੱਥੇ ਡੀਜੀਪੀ ਵੱਲੋਂ ਕਾਰਵਾਈ ਦਾ ਭਰੋਸਾ ਦਿਤੇ ਜਾਣ ਦੇ ਕੇਵਲ ਤਿੰਨ ਘੰਟਿਆਂ ਦੇ ਅੰਦਰ ਹੀ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਗੈਗਸਟਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਹੁਣ ਅਜਿਹਾ ਕਿਉ ਕੀਤਾ ਗਿਆ ਇਸ ਦਾ ਜਵਾਬ ਤਾਂ ਆਈਜੀ ਹੀ ਦੇ ਸਕਦੇ ਹਨ।
ਬਾਬਾ ਗੁਰਦੀਪ ਸਿੰਘ ਦੀ ਧਰਮ ਪਤਨੀ ਅਤੇ ਪਿੰਡ ਦੀ ਅਕਾਲੀ ਸਰਪੰਚ ਬੀਬੀ ਗੁਰਜੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਦਾ ਰੰਜਿਸ਼ ਤਹਿਤ ਸਿਆਸੀ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਬਾ ਗੁਰਦੀਪ ਸਿੰਘ ਨੂੰ ਪੰਚਾਇਤੀ ਚੋਣਾਂ ਤੋਂ ਬਾਅਦ ਕਾਂਗਰਸੀ ਧਿਰ ਵੱਲੋਂ ਨਿਰਮਲ ਸਿੰਘ, ਹਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਵੱਲੋਂ ਪਿਸਟਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਜੋ ਕਿ ਆਖ਼ਿਰ ਉਨ੍ਹਾਂ ਨੇ ਸੱਚ ਵਿੱਚ ਇਹ ਸਭ ਕਰ ਹੀ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਜੱਗੂ ਵਰਗੇ ਗੈਗਸਟਰਾਂ ਅਤੇ ਜੇਲ੍ਹ ਮੰਤਰੀ ਦਾ ਗਠਜੋੜ ਹੈ। ਇਸ ਨੂੰ ਬੇਨਕਾਬ ਕਰਨਾ ਉਸ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜੋ ਹਾਲਾਤ ਪੰਜਾਬ ਖ਼ਾਸਕਰ ਮਾਝੇ ਦੇ ਬਣਾ ਦਿੱਤੇ ਗਏ ਹਨ ਅਤੇ ਸਿਆਸੀ ਦਬਾਅ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ 'ਚ ਨਿਰਪੱਖਤਾ ਨਾ ਰਹਿਣ ਕਾਰਨ ਜਿਵੇਂ ਆਮ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ। ਲੋਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਦੀ ਥਾਂ ਗੈਗਸਟਰਾਂ ਨੂੰ ਫਿਰੌਤੀ ਦੇਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਦਲਬੀਰ ਸਿੰਘ ਢਿਲਵਾਂ ਦਾ ਕਤਲ ਅਤੇ ਫਿਰ ਚੀਚੀ 'ਚ ਗੁਰਸਿੱਖ ਅੰਮ੍ਰਿਤਧਾਰੀ ਬਜ਼ੁਰਗ ਗਿਆਨੀ ਗੁਰਬਚਨ ਸਿੰਘ ਦਾ ਕਤਲ ਅਤੇ ਹੁਣ ਤੀਜੇ ਚੌਥੇ ਕਾਰੇ 'ਚ ਬਾਬਾ ਗੁਰਦੀਪ ਸਿੰਘ ਦਾ ਕਤਲ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਤੋਂ ਸਰਕਾਰੀ ਧਿਰ 'ਚ ਸ਼ਾਮਿਲ ਅੰਮ੍ਰਿਤਸਰ ਦੇ ਕੌਂਸਲਰ ਗੁਰਦੀਪ ਸਿੰਘ ਭਲਵਾਨ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਸਕੀ ਤਾਂ ਆਮ ਨਾਗਰਿਕ ਦੀ ਸੁਰੱਖਿਆ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ।