ਅੰਮ੍ਰਿਤਸਰ : ਨਸ਼ੇ ਤਸਕਰੀ ਤੇ ਨਸ਼ਾ ਮਿਲਣ ਦੀਆਂ ਲਾਗਾਤਾਰ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਸਖਤੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਅੱਜ ਕਈ ਥਾਈਂ ਨਸ਼ੇ ਦੇ ਖਿਲਾਫ ਅਭਿਆਨ ਚਲਾਇਆ ਗਿਆ ਹੈ। ਪੁਲਿਸ ਵਲੋਂ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉੱਤੇ ਪੁਲਿਸ ਬਲ ਵੀ ਵੱਡੀ ਸੰਖਿਆਂ ਵਿੱਚ ਮੌਜੂਦ ਰਿਹਾ ਹੈ। ਜਾਣਕਾਰੀ ਮੁਤਾਬਿਕ ਲਗਾਤਾਰ ਪੰਜਾਬ ਵਿੱਚ ਵਧ ਰਹੀ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਨੂੰ ਰੋਕਿਆਂ ਅਤੇ ਉਨ੍ਹਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ।
ਲੋਕਾਂ ਦੇ ਸਮਾਨ ਦੀ ਵੀ ਫਰੋਲਾ-ਫਰਾਲੀ: ਇਸੇ ਕੜੀ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਇਸ ਦੌਰਾਨ ਵੱਡੀ ਸੰਖਿਆ ਵਿੱਚ ਪੁਲਿਸ ਫੋਰਸ ਨੇ ਕਈ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਜਾ ਕੇ ਖਾਸਤੌਰ ਉੱਤੇ ਜਾਂਚ ਕੀਤੀ ਹੈ। ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਦਾ ਸਮਾਨ ਵੀ ਫਰੋਲਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਲੁਕੇ ਨਾ ਰੱਖਿਆ ਗਿਆ ਹੋਵੇ। ਦੂਜੇ ਪਾਸੇ ਪੁਲਿਸ ਵਲੋਂ ਪੁੱਛਗਿੱਛ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: Youth Missing In Abroad: 2017 ਤੋਂ ਤੁਰਕੀ ਵਿੱਚ ਲਾਪਤਾ ਨੇ ਨੌਜਵਾਨ, ਪਰਿਵਾਰ ਮੂੰਹੋਂ ਸੁਣੋਂ ਸਾਰੀ ਕਹਾਣੀ
ਨਸ਼ਾ ਤਸਕਰੀ ਦੀਆਂ ਸ਼ਿਕਾਇਤਾਂ ਉੱਤੇ ਕਾਰਵਾਈ: ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਅੱਜ ਉਨ੍ਹਾਂ ਚਰਚਿਤ ਥਾਵਾਂ ਉੱਤੇ ਸਰਚ ਅਭਿਆਨ ਚਲਾਇਆ ਗਿਆ, ਜਿੱਥੋਂ ਅਕਸਰ ਨਸ਼ੇ ਦੀ ਵਿਕਰੀ ਬਾਬਤ ਸ਼ਿਕਾਇਤਾਂ ਤੇ ਵੀਡੀਓਜ ਚਰਚਾ ਦਾ ਵਿਸ਼ਾ ਬਣਦੀਆਂ ਹਨ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅੰਮ੍ਰਿਤਸਰ ਜਿਲੇ ਵਿੱਚ ਸਰਚ ਅਭਿਆਨ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਇਲਾਕਿਆਂ ਦੇ ਵਿਚ ਨਸ਼ਾ ਵੇਚਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਸਨ, ਜਿਨ੍ਹਾਂ ਇਲਾਕਿਆਂ ਦੇ ਵਿੱਚ ਗੈਂਗਸਟਰਾਂ ਦੇ ਪਰਿਵਾਰ ਦੀ ਜਾਣਕਾਰੀ ਮਿਲਦੀ ਸੀ। ਉਨ੍ਹਾਂ ਇਲਾਕਿਆਂ ਦੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਥਾਣਾ ਗੇਟ ਹਕੀਮਾ ਅਧੀਨ ਇਲਾਕੇ ਅੰਨਗੜ੍ਹ ਦੇ ਵਿੱਚ ਵੀ ਘਰਾਂ ਵਿਚ ਅਚਨਚੇਤ ਚੈਕਿੰਗ ਕੀਤੀ ਗਈ ਹੈ ਅਤੇ ਚੈਕਿੰਗ ਦੌਰਾਨ ਕਿੰਨੇ ਘਰਾਂ ਤੋਂ ਨਸ਼ਾ ਜਾਂ ਹੋਰ ਨਾਜਾਇਜ ਸਮਾਨ ਬਰਾਮਦ ਹੋਇਆ ਹੈ ਉਸ ਦੀ ਜਾਣਕਾਰੀ ਹਾਲੇ ਨਸ਼ਰ ਨਹੀਂ ਕੀਤੀ ਗਈ ਹੈ।