ਅੰਮ੍ਰਿਤਸਰ: ਗੁਰਦੁਆਰਾ ਰਾਮਸਰ ਸਾਹਿਬ 'ਚੋਂ ਗਾਇਬ ਹੋਏ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਅੱਗੇ 14 ਸਤੰਬਰ ਤੋਂ ਸਿੱਖ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਹੈ। ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਨਸਾਫ਼ ਮੋਰਚੇ ਦੇ ਕਮੇਟੀ ਮੈਂਬਰ ਲਖਵੀਰ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 328 ਸਰੂਪਾਂ ਦਾ ਗਬਨ ਕੀਤਾ ਹੈ, ਜਿਸ ਕਾਰਨ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ।
ਗਾਇਬ ਹੋਏ ਸਰੂਪਾਂ ਦੇ ਇਨਸਾਫ਼ ਲਈ ਹੀ ਸਿੱਖਾਂ ਵੱਲੋਂ ਮੋਰਚਾ ਲਾਇਆ ਹੋਇਆ ਹੈ ਪਰ ਸ਼੍ਰੋਮਣੀ ਕਮੇਟੀ ਘਟੀਆ ਹਰਕਤਾਂ 'ਤੇ ਆ ਗਈ ਹੈ। ਇਹ ਕਮੇਟੀ ਵਾਲੇ ਨਰੈਣੂ ਮਹੰਤ ਤੋਂ ਵੀ ਟੱਪ ਗਏ ਹਨ। ਉਨ੍ਹਾਂ ਕਿਹਾ ਕਿ ਮੋਰਚਾ ਦੇ ਸਿੰਘਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸ਼ਾਦਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਲੇ ਜੋ ਮਰਜ਼ੀ ਕਰ ਲੈਣ, ਇਹ ਮੋਰਚਾ ਜਾਰੀ ਰਹੇਗਾ, ਜਿਨ੍ਹਾਂ ਸਮਾਂ ਦੋਸ਼ੀ ਸੰਗਤਾਂ ਦੇ ਸਾਹਮਣੇ ਨਹੀਂ ਆਉਂਦੇ।
ਭਾਈ ਲਖਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਮੋਰਚੇ 'ਤੇ ਬੈਠੇ ਸਿੱਖਾਂ ਦੇ ਗੋਲੀਆਂ ਮਾਰ ਕੇ ਜਾਂ ਵੱਢ ਟੁੱਕ ਕੇ ਬਾਹਰ ਛੁੱਟ ਸਕਦੇ ਹਨ, ਪਰ ਇਨਸਾਫ਼ ਲੈਣ ਲਈ ਸ਼ਾਂਤਮਈ ਮੋਰਚਾ ਲਗਾਤਾਰ ਜਾਰੀ ਰਹੇਗਾ।
ਭਾਈ ਲਖਵੀਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਰਮਾਂ ਵਿਚ ਪਹਿਲਾਂ 2 ਤੇ ਹੁਣ 4 ਸਪੀਕਰ ਉੱਚੀ ਆਵਾਜ਼ ਕਰਕੇ ਲਾਏ ਹਨ, ਜੋ ਕਿ ਪਹਿਲਾਂ ਕਦੇ ਨਹੀਂ ਲੱਗੇ। ਇਹ ਸਪੀਕਰ ਮੋਰਚੇ ਦੀ ਆਵਾਜ਼ ਸੰਗਤਾਂ ਤੱਕ ਨਾ ਪਹੁੰਚੇ, ਇਸ ਲਈ ਲਾਏ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਇਨਸਾਫ਼ ਮੋਰਚੇ ਦੀ ਅਵਾਜ਼ ਸੰਗਤਾਂ ਤੱਕ ਪਹੁੰਚ ਗਈ ਹੈ ਤੇ ਸ਼੍ਰੋਮਣੀ ਕਮੇਟੀ ਦੇ 15 ਮੈਂਬਰਾਂ ਨੇ ਬਗ਼ਾਵਤ ਕਰਕੇ ਮੋਰਚੇ ਦੀ ਹਮਾਇਤ ਕੀਤੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਅੰਤ੍ਰਿਗ ਕਮੇਟੀ ਮੈਂਬਰਾਂ ਨੂੰ ਡੁੱਬ ਕੇ ਮਰਨਾ ਚਾਹੀਦਾ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਮੋਰਚੇ ਵਿੱਚ ਪਹੁੰਚਣ ਤਾਂ ਜੋ ਇਹਨਾਂ ਨਰੈਣੂ ਮਹੰਤ ਦੀ ਉਲਾਦ ਨੂੰ ਸਬਕ ਸਿਖਾਇਆ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੋਰਚੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਗਈ ਤਾਂ ਸ਼੍ਰੋਮਣੀ ਕਮੇਟੀ ਦੇ ਟਾਸਕ ਫੋਰਸ ਵਾਲੇ ਮੁਲਾਜ਼ਮ ਜੋੜੇ ਪਹਿਨ ਕੇ ਹੀ ਬੈਠੇ ਰਹੇ, ਇਨ੍ਹਾਂ ਨੂੰ ਗੁਰਬਾਣੀ ਦਾ ਪਿਆਰ ਅਤੇ ਭੈਅ ਨਹੀਂ ਹੈ।