ਅੰਮ੍ਰਿਤਸਰ: ਬੀਤੇ 3 ਦਿਨ ਤੋਂ ਹੁਣ ਬਿਆਸ ਦਰਿਆ ਵਿੱਚ ਲਗਾਤਾਰ ਪਾਣੀ ਦੀ ਆਮਦ ਵੱਧਦੀ ਜਾ ਰਹੀ ਹੈ ।ਜਿਸ ਕਾਰਨ ਦਰਿਆ ਕੰਢੇ ਰਹਿਣ ਵਾਲੇ ਲੋਕ ਚਿੰਤਾ ਵਿੱਚ ਡੁੱਬੇ ਨਜ਼ਰ ਆ ਰਹੇ ਹਨ।ਅਜਿਹੇ ਹਾਲਾਤਾਂ ਵਿੱਚ ਹੁਣ ਘਰ ਦਾ ਸਮਾਨ ਬੰਨ ਕੇ ਉਪਰਲੀਆਂ ਥਾਂਵਾ 'ਤੇ ਜਾਣ ਨੂੰ ਮਜ਼ਬੂਰ ਹਨ।ਬਿਆਸ ਦਰਿਆ ਵਿੱਚ ਪਾਣੀ ਦਾ ਊਫ਼ਾਨ ਦੇਖ ਕੇ ਹੁਣ ਪ੍ਰਸ਼ਾਸਨਿਕ ਅਧਿਕਾਰੀ ਵੀ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ।ਜਿਸ ਲਈ ਸਿਵਲ ਵਿਭਾਗ ਤੋਂ ਇਲਾਵਾ ਪੁਲਸ ਪ੍ਰਸਾਸ਼ਨ ਵੀ ਲਗਾਤਾਰ ਹਾਲਾਤਾਂ 'ਤੇ ਆਪਣੀ ਨਜ਼ਰ ਬਣਾਏ ਹੋਏ ਹੈ। ਬੇਸ਼ੱਕ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰ ਅਜਿਹੇ ਵਿੱਚ ਵੀ ਕੁਝ ਅਜਿਹੇ ਲੋਕ ਹਨ ਜੋ ਦਰਿਆ ਬਿਆਸ ਕੰਢੇ ਰਹਿੰਦੇ ਹਨ ਪਰ ਉਹ ਆਪਣਾ ਘਰ ਛੱਡ ਕੇ ਉਪਰਲੀਆਂ ਥਾਵਾਂ 'ਤੇ ਜਾਣ ਨੂੰ ਨਹੀਂ ਮੰਨ ਰਹੇ, ਜਿਨ੍ਹਾਂ ਨੂੰ ਸਮਝਾਉਣ ਲਈ ਅਤੇ ਪਾਣੀ ਵੱਧਣ ਕਾਰਨ ਲੋਕਾਂ ਨੂੰ ਦਰਿਆ ਬਿਆਸ ਤੋਂ ਦੂਰ ਹਟਾਉਣ ਲਈ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਬੁੱਧਵਾਰ ਦਿਨ ਤੋਂ ਬਾਅਦ ਰਾਤ ਤੱਕ ਲਗਾਤਾਰ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ।
ਪੁਲਿਸ ਦੀ ਗਸ਼ਤ: ਇਸੇ ਦੌਰਾਨ ਥਾਣਾ ਢਿੱਲਵਾਂ ਐੱਸ.ਐੱਚ.ਓ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੇਰ ਰਾਤ ਪੁਲਿਸ ਪਾਰਟੀਆਂ ਨਾਲ ਗਸ਼ਤ ਕਰਦੇ ਹੋਏ ਹਲਾਤਾਂ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਦਸਿਆ ਕਿ ਉਹ ਪੁਲਿਸ ਟੀਮ ਸਣੇ ਲਗਾਤਾਰ ਮੰਡ ਖੇਤਰ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਸਾਫ ਕੀਤਾ ਹੈ ਕਿ ਫਿਲਹਾਲ ਦੀਆਂ ਰਿਪੋਰਟਾਂ ਅਨੁਸਾਰ ਬਿਆਸ ਵਿੱਚ ਵੱਧ ਰਿਹਾ ਪਾਣੀ ਨੁਕਸਾਨ ਕਰ ਸਕਦਾ ਹੈ। ਜਿਸ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਲਾਕੇ ਵਿੱਚ ਨਜ਼ਰ ਬਣਾਏ ਰੱਖਣ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦਰਿਆ ਕੰਢੇ ਰਹਿੰਦੇ ਗੁੱਜਰ ਪਰਿਵਾਰਾਂ ਨੂੰ ਪਰਿਵਾਰ ਸਹਿਤ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਕਿਹਾ ਗਿਆ ਹੈ, ਕਿਉਂਕਿ ਲਗਾਤਾਰ ਬਿਆਸ ਦਰਿਆ ਦੇ ਵੱਧ ਰਹੇ ਪਾਣੀ ਨਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਕਿਸੇ ਤਰਾਂ ਦਾ ਰਿਸਕ ਨਹੀਂ ਲਿਆ ਜਾ ਸਕਦਾ ਹੈ।
25-30 ਪਿੰਡਾਂ ਦੀ ਨਿਗਰਾਨੀ: ਐੱਸ.ਐੱਚ.ਓ ਬਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਢਿੱਲਵਾਂ ਕਪੂਰਥਲਾ ਅਧੀਨ ਬਿਆਸ ਦਰਿਆ ਦੇ ਨਾਲ-ਨਾਲ ਲਗਦੇ ਕਰੀਬ 25 ਤੋਂ 30 ਪਿੰਡਾਂ ਵਿੱਚ ਲਗਾਤਾਰ ਪੁਲਿਸ ਪਾਰਟੀਆਂ ਵਲੋਂ ਦਿਨ ਰਾਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਤਿਆਰ ਹੈ।ਉਨ੍ਹਾਂ ਦੱਸਿਆ ਕਿ ਉਕਤ ਪਿੰਡਾਂ ਵਿੱਚ ਸਮੂਹ ਮੋਹਤਬਰਾਂ ਨੂੰ ਨਾਲ ਲੈਕੇ ਪੁਲਿਸ ਕੰਢੇ ਬੈਠੇ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਪਰਲੇ ਖੇਤਰਾਂ ਵਿੱਚ ਪ੍ਰਸ਼ਾਸਨ ਵਲੋਂ ਸੁਰੱਖਿਅਤ ਸਥਾਨਾਂ ਦੀ ਚੋਣ ਕੀਤੀ ਗਈ ਹੈ।ਉਨ੍ਹਾਂ ਦੱਸਿਆ ਇਕ ਦਰਿਆ ਕੰਢੇ ਬੈਠੇ ਲੋਕਾਂ ਨੂੰ ਚੁਣੇ ਹੋਏ ਸਥਾਨਾਂ 'ਤੇ ਲਿਜਾ ਕੇ ਖਾਣ-ਪੀਣ, ਰਹਿਣ ਦੀ ਸੁਵਿਧਾ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।