ਅੰਮ੍ਰਿਤਸਰ: ਖੰਨਾ ਨੇੜਲੇ ਪਿੰਡ ਲਿਬੜਾ ਵਿਖੇ ਵਾਪਰੇ ਇੱਕ ਭਿਆਨਕ ਹਾਦਸੇ ਨੇ ਵਿਆਹ ਵਾਲੇ ਘਰ ਦੀਆਂ ਖ਼ੁਸ਼ੀਆਂ ਨੂੰ ਗ਼ਮ ਵਿੱਚ ਤਬਦੀਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦਿੱਲੀ ਵਿਖੇ ਮੁੰਡੇ ਦਾ ਵਿਆਹ ਕਰਕੇ ਪਰਤ ਰਹੀ ਬਾਰਾਤ ਦੀ ਇੱਕ ਗੱਡੀ ਖੜੇ ਟਰੱਕ ਵਿੱਚ ਸਿੱਧਾ ਜਾ ਵੱਜੀ, ਜਿਸ ਦੌਰਾਨ ਲਾੜੇ ਦੀ ਮਾਂ ਅਤੇ ਮਾਸੂਮ ਭਾਣਜੀ ਮੌਤ ਹੋ ਜਾਣ ਦੀ ਸੂਚਨਾ ਹੈ, ਜਦਕਿ ਗੱਡੀ ਵਿੱਚ ਸਵਾਰ 8 ਕੁ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਭਿਆਨਕ ਹਾਦਸੇ ਕਾਰਨ ਵਿਆਹ ਵਾਲੇ ਘਰ ਖ਼ੁਸ਼ੀਆਂ ਵਾਲੇ ਮਾਹੌਲ ਨੂੰ ਬਦਲ ਕੇ ਰੱਖ ਦਿੱਤਾ ਹੈ। ਹਰ ਕੋਈ ਰਿਸ਼ਤੇਦਾਰ ਅਤੇ ਆਂਢ-ਗੁਆਂਢ ਵਾਲੇ ਵਿਆਹ ਵਾਲੇ ਘਰ ਰੋਂਦੇ ਆਉਂਦੇ ਵਿਖਾਈ ਦੇ ਰਹੇ ਸਨ।
ਦੁਰਘਟਨਾ ਬਾਰੇ ਜਾਣਕਾਰੀ ਦਿੰਦਿਆਂ ਲਾੜੇ ਨੇ ਦੱਸਿਆ ਕਿ ਉਹ 29 ਤਰੀਕ ਨੂੰ ਦਿੱਲੀ ਤੋਂ ਵਿਆਹ ਕਰਨ ਉਪਰੰਤ ਰਾਤ ਨੂੰ ਅੰਮ੍ਰਿਤਸਰ ਪਰਤ ਰਹੇ ਸਨ। ਉਹ ਅੱਗੇ ਕਾਰ ਵਿੱਚ ਚਾਰ ਜਣੇ ਸਵਾਰ ਸਨ, ਜਦਕਿ ਪਿੱਛੇ ਟੈਂਪੂ ਟਰੈਵਲਰ ਗੱਡੀ ਵਿੱਚ ਉਸਦੇ ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰ ਸਵਾਰ ਸਨ।
ਜਦੋਂ ਟੈਂਪੂ ਟਰੈਵਲਰ ਪਿੰਡ ਲਿਬੜਾ ਨਜ਼ਦੀਕ ਪੁੱਜੀ ਤਾਂ ਅਚਾਨਕ ਸੜਕ 'ਤੇ ਖੜੇ ਟਰਾਲੇ ਵਿੱਚ ਸਿੱਧੀ ਜਾ ਵੱਜੀ, ਜਿਸ ਕਾਰਨ ਉਸ ਦੀ ਮਾਤਾ ਗੁਰਚਰਨ ਕੌਰ (58) ਤੇ ਤਿੰਨ ਸਾਲਾ ਭਾਣਜੀ ਦੀ ਮੌਤ ਹੋ ਗਈ ਹੈ।
ਉਸ ਨੇ ਦੱਸਿਆ ਕਿ ਹਾਦਸਾ ਸਵੇਰੇ ਵਾਪਰਿਆ ਜਦੋਂ ਡਰਾਈਵਰ ਨੂੰ ਅਚਾਨਕ ਅੱਖ ਦੀ ਝਪਕੀ ਲੱਗ ਗਈ। ਸਿੱਟੇ ਵੱਜੋਂ ਡਰਾਈਵਰ ਵੱਲੋਂ ਬ੍ਰੇਕਾਂ ਨਾ ਲੱਗਣ ਕਾਰਨ ਗੱਡੀ ਸਿੱਧੀ ਟਰਾਲੇ ਵਿੱਚ ਜਾ ਵੱਜੀ। ਹਾਦਸੇ ਵਿੱਚ 10 ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਖੰਨਾ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਥੋਂ ਦੋ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਪੀਜੀਆਈ ਚੰਡੀਗੜ੍ਹ ਵਿਖੇ ਰੈਫ਼ਰ ਕੀਤਾ ਗਿਆ ਹੈ।