ਅੰਮ੍ਰਿਤਸਰ: ਪਾਕਿਸਤਾਨੀ ਵਿੱਚ ਇੱਕ ਸਿੱਖ ਕੁੜੀ ਨੂੰ ਅਗਵਾ ਕਰਨ ਤੋਂ ਬਾਅਦ ਇਸਲਾਮ ਕਬੂਲ ਕਰਵਾ ਕੇ ਜਬਰੀ ਵਿਆਹ ਦੇ ਮਾਮਲੇ ਦੀ ਦੁਨੀਆਂ ਭਰ 'ਚ ਨਿਖੇਧੀ ਕੀਤੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਵਿੱਚ ਬਜਰੰਗ ਦਲ ਦੇ ਸਟੂਡੈਂਟ ਵਿੰਗ ਇੰਡੀਪੈਂਡੈਂਟ ਸਟੂਡੈਂਟ ਫੇਡਰੇਸ਼ਨ ਨੇ ਪਾਕਿਸਤਾਨ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਪੁਤਲਾ ਫੁਕਿਆ।
ਬਜਰੰਗ ਦਲ ਦੇ ਮੈਂਬਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਇਮਰਾਨ ਖਾਨ ਦੇ ਪੁਤਲੇ 'ਤੇ ਕਾਲਿਖ ਪੋਤ ਕੇ ਪ੍ਰਦਰਸ਼ਨ ਕੀਤਾ। ਬਜਰੰਗ ਦਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਲੋਂ ਜੋਂ ਕਾਇਰਾਨਾ ਹਰਕਤ ਕੀਤੀ ਗਈ ਹੈ ਇਹ ਬੜੀ ਮੰਦਭਾਗੀ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਇਸ ਮਾਮਲੇ 'ਤੇ ਹਲ੍ਹੇ ਤੱਕ ਕੋਈ ਵੱਡਾ ਕਦਮ ਨਹੀਂ ਚੁੱਕਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਭਾਰਤ ਵਿੱਚ ਪਾਕਿਸਤਾਨ ਖ਼ਿਲਾਫ਼ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਕਈ ਸਿੱਖ ਸੰਗਠਨਾਂ ਨੇ ਪਾਕਿਸਤਾਨ ਖ਼ਿਲਾਫ਼ ਸੋਮਵਾਰ ਨੂੰ ਦਿੱਲੀ ਵਿੱਚ ਪਾਕਿਸਤਾਨ ਦੂਤਘਰ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਦੀ ਨਿਖੇਧੀ ਕਰਦੇ ਹੋਏ ਕੇਂਦਰ ਸਰਕਾਰ ਨੂੰ ਮਾਮਲੇ ਵਿੱਚ ਦਖ਼ਲ ਦੇਣ ਲਈ ਕਿਹਾ ਹੈ।