ਅੰਮ੍ਰਿਤਸਰ: ਮੋਹਕਮਪੁਰਾ ਖੇਤਰ ਵਿੱਚ ਉਦੋਂ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਘਰ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ। ਹਮਲੇ ਦਾ ਕਾਰਨ ਪੁਰਾਣਾ ਝਗੜਾ ਦਸਿਆ ਜਾ ਰਿਹਾ ਹੈ।
ਮੌਕੇ 'ਤੇ ਜ਼ਖ਼ਮੀ ਮਨਜੀਤ ਸਿੰਘ ਨੇ ਦੱਸਿਆ ਕਿ ਕਿਸ਼ਨਾ ਨਗਰ ਗਲੀ ਨੰਬਰ ਇੱਕ ਦੇ ਨੌਜਵਾਨ ਸ਼ੁਭਮ ਦਾ ਕੋਈ ਝਗੜਾ ਹੋਇਆ ਸੀ। ਉਨ੍ਹਾਂ ਦੇ ਮੁੰਡੇ ਨੇ ਫੋਨ ਕਰਕੇ ਇਹੀ ਪੁੱਛਿਆ ਸੀ ਕਿ ਕੀ ਗੱਲ ਹੋ ਗਈ। ਇਸ 'ਤੇ ਹੀ ਇਨ੍ਹਾਂ ਦੀ ਤੂੰ-ਤੂੰ-ਮੈਂ-ਮੈਂ ਹੋ ਗਈ ਸੀ। ਸੋਮਵਾਰ ਨੂੰ ਸ਼ੁਭਮ ਨੇ ਦੇਰ ਰਾਤ 10 ਵਜੇ ਦੇ ਲਗਭਗ 20-22 ਵਿਅਕਤੀਆਂ ਨਾਲ ਉਨ੍ਹਾਂ ਦੇ ਮੁੰਡੇ ਨੂੰ ਕੁੱਟਦੇ ਹੋਏ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹ ਮੌਕੇ 'ਤੇ ਆ ਗਿਆ। ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਦੋਸ਼ੀਆਂ ਨੇ ਗੋਲੀ ਚਲਾਉਂਦੇ ਹੋਏ ਉਸਦੇ ਸਿਰ 'ਤੇ ਪਿਸਤੌਲ ਦਾ ਬੱਟ ਮਾਰਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਕੋਲ ਦਾਤਰ ਤੇ ਪਿਸਤੌਲ ਸਮੇਤ ਹੋਰ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ, ਜਿਸ 'ਤੇ ਪੁਲਿਸ ਨੇ ਕੁੱਝ ਨੂੰ ਹਿਰਾਸਤ ਵਿੱਚ ਲਿਆ ਪਰ ਸ਼ਾਮ ਤੱਕ ਛੱਡ ਦਿੱਤਾ ਗਿਆ।
ਇਸ ਦੌਰਾਨ ਮਨਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਰਾਤ ਸਮੇਂ ਅਚਾਨਕ ਉਨ੍ਹਾਂ ਦਾ ਦਰਵਾਜ਼ਾ ਬਹੁਤ ਜ਼ੋਰ ਦੀ ਖੜਕਿਆ, ਜਦੋਂ ਉਸ ਨੇ ਬਾਹਰ ਆ ਕੇ ਵੇਖਿਆ ਤਾਂ ਮਨਜੀਤ ਸਿੰਘ ਜ਼ਖ਼ਮੀ ਹਾਲਤ ਵਿੱਚ ਸੀ।
ਮਨਜੀਤ ਸਿੰਘ ਤੇ ਉਸ ਦੀ ਪਤਨੀ ਨੇ ਮੰਗ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।
ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੌਜਵਾਨਾਂ ਦਾ ਮਨਜੀਤ ਸਿੰਘ ਦੇ ਮੁੰਡੇ ਨਾਲ ਪਹਿਲਾਂ ਕੋਈ ਝਗੜਾ ਹੋਇਆ ਸੀ, ਜਿਸ ਕਾਰਨ ਇਹ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਮਲਾਵਰ ਨੌਜਵਾਨਾਂ ਵਿਰੁੱਧ ਮਨਜੀਤ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਤੇ ਜਾਂਚ ਜਾਰੀ ਹੈ।