ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਗਾਈਡਲਾਈਜ਼ ਮੁਤਾਬਕ ਸਾਰੀਆਂ ਦੁਕਾਨਾਂ ਅਤੇ ਮਾਲ ਸ਼ਾਮ ਪੰਜ ਵਜੇ ਤੱਕ ਬੰਦ ਕੀਤੇ ਜਾਣੇ ਲਾਜ਼ਮੀ ਹਨ ਜਦਕਿ ਹੋਮਡਿਲਿਵਰੀ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਰਾਤ ਦੇ ਕਰਫ਼ਿਊ ਦਾ ਸਮਾਂ ਵਧਾਇਆ ਗਿਆ ਹੈ। ਹੁਣ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਜਾਰੀ ਰਹੇਗਾ ਜਦਕਿ ਪਹਿਲਾਂ ਰਾਤ 8 ਵਜੇ ਤੋਂ 5 ਵਜੇ ਤਕ ਸੀ। ਵੀਕਐਂਡ ਕਰਫ਼ਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਹਾਲਾਂਕਿ ਹੋਰ ਲੋੜੀਂਦੀਆਂ ਸੇਵਾਵਾਂ ਨੂੰ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ।
ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਾਮ ਵੇਲੇ ਲੌਕਡਾਊਨ ਨਾਲ ਵਪਾਰੀ ਵਰਗ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਪਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਲੌਕਡਾਊਨ ਲਗਾਇਆ ਗਿਆ ਹੈ ਪਰ ਸਰਕਾਰ ਨੂੰ ਵਪਾਰੀ ਵਰਗ ਦਾ ਅਤੇ ਮਜ਼ਦੂਰ ਵਰਗ ਦਾ ਵੀ ਸੋਚਣਾ ਚਾਹੀਦਾ ਹੈ।
ਏਸੀਪੀ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਸਰਕਾਰ ਵੱਲੋਂ ਆਦੇਸ਼ ਆਏ ਹਨ ਕਿ 6 ਵਜੇ ਲੌਕਡਾਊਨ ਲੱਗੇਗਾ ਅਤੇ 5 ਵਜੇ ਸਾਰੀਆਂ ਦੁਕਾਨਾਂ ਬੰਦ ਕਰਵਾਉਣ ਦੇ ਹੁਕਮ ਹਨ ਜਿਸ ਦੇ ਚਲਦੇ ਉਨ੍ਹਾਂ ਵੱਲੋਂ ਪੁਲਿਸ ਫੋਰਸ ਲਗਾ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਟਰੈਫਿਕ ਨੂੰ ਕੰਟਰੋਲ ਕਰਕੇ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ।