ਅੰਮ੍ਰਿਤਸਰ: ਕੇਂਦਰੀ ਜੇਲ੍ਹ 'ਚੋਂ ਫ਼ਰਾਰ ਹੋਏ 3 ਕੈਦੀਆਂ 'ਚੋਂ 2 ਕੈਦੀਆਂ ਨੂੰ ਸੀਆਈਏ ਸਟਾਫ਼ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜੇਲ੍ਹ 'ਚੋਂ ਫ਼ਰਾਰ ਹੋਏ ਦੋ ਸਕੇ ਭਰਾਵਾਂ ਜਰਨੈਲ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਸੀਆਈਏ ਸਟਾਫ਼ ਨੇ ਗ੍ਰਿਫ਼ਤਾਰ ਕੀਤਾ ਹੈ, ਜਦਕਿ ਤੀਜੇ ਕੈਦੀ ਵਿਸ਼ਾਲ ਦੀ ਭਾਲ ਅਜੇ ਵੀ ਜਾਰੀ ਹੈ।
ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਇੱਕ ਮੁਲਜ਼ਮ ਨੂੰ ਸ੍ਰੀ ਅਨੰਦਪੁਰ ਸਾਹਿਬ ਜਦਕਿ ਦੂਜੇ ਨੂੰ ਪੱਟੀ ਦੇ ਇਲਾਕੇ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੀਜੇ ਕੈਦੀ ਵਿਸ਼ਾਲ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਸ਼ਾਹੀਨ ਬਾਗ਼ 'ਚ ਡਟੇ ਪੰਜਾਬ ਦੇ ਕਿਸਾਨ, ਕਿਹਾ- ਸਰਕਾਰ ਕਰ ਰਹੀ ਮੁਸਲਮਾਨਾਂ ਨਾਲ ਵਿਤਕਰਾ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੇਂਦਰੀ ਜੇਲ੍ਹ 'ਚੋਂ 3 ਕੈਦੀ ਕੱਪੜੇ ਦੀ ਰੱਸੀ ਬਣਾ ਕੇ ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ 7 ਮੁਲਾਜ਼ਮਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚੋਂ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਨਿਆਂਇਕ ਜਾਂਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਕਰਨ ਦੇ ਆਦੇਸ਼ ਦਿੱਤੇ ਸਨ। ਹੁਣ ਪੁਲਿਸ ਨੇ 2 ਨੂੰ ਕਾਬੂ ਕਰ ਲਿਆ ਹੈ ਤੇ ਇੱਕ ਦੀ ਭਾਲ ਜਾਰੀ ਹੈ।