ਅੰਮ੍ਰਿਤਸਰ: ਲੁੱਟ-ਚੋਰੀ ਤੇ ਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅਜਿਹਾ ਹੀ ਲੁੱਟ ਖੋਹ ਦਾ ਮਾਮਲਾ ਅੰਮ੍ਰਿਤਸਰ ਦੇ ਬੱਸ ਸਟੈਂਡ ਕੋਲ ਸਾਹਮਣੇ ਆਇਆ ਹੈ । ਜਿੱਥੇ ਤਿੰਨ ਨੌਜਵਾਨ ਪਹਿਲਾਂ ਇੱਕ ਟੈਕਸੀ ਨੂੰ ਕਿਰਾਏ 'ਤੇ ਕਰਦੇ ਹਨ ਅਤੇ ਟੈਕਸੀ ਡਰਾਇਵਰ ਨੂੰ ਕਹਿੰਦੇ ਹਨ ਕਿ ਉਹਨਾਂ ਨੇ ਏਅਰਪੋਰਟ ਜਾਣਾ ਹੈ। ਜਦ ਟੈਕਸੀ ਚਾਲਕ ਤਿੰਨਾਂ ਨੌਜਵਾਨਾਂ ਨੂੰ ਬਿਠਾ ਕੇ ਏਅਰਪੋਰਟ ਨੂੰ ਚੱਲਦਾ ਹੈ ਤਾਂ ਕਚਹਿਰੀ ਚੌਂਕ ਵਿੱਚ ਨੌਜਵਾਨ ਹਥਿਆਰ ਕੱਢ ਕੇ ਉਸ ਕੋਲੋਂ ਟੈਕਸੀ ਖੋਹਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਅੱਗੇ ਗੁਮਟਾਲਾ ਪੁਲਿਸ ਵੱਲੋਂ ਲਗਾਏ ਗਏ ਨਾਕੇ ਦੇ ਦੌਰਾਨ ਜਦ ਇਹਨਾਂ ਨੌਜਵਾਨਾਂ ਨੂੰ ਰੋਕਿਆ ਜਾਂਦਾ ਹੈ ਪੁੱਛਗਿੱਛ ਦੌਰਾਨ ਸ਼ੱਕ ਹੋਣ 'ਤੇ ਇਹਨਾਂ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਟੈਕਸੀ ਡਰਾਇਵਰ ਰਜੀਵ ਸ਼ਰਮਾ ਨੇ ਦੱਸਿਆ ਕਿ ਪੁਲਿਸ ਦੀ ਮੁਸਤੈਦੀ ਦੇ ਚਲਦਿਆਂ ਜਿੱਥੇ ਉਸ ਨਾਲ ਲੁੱਟ-ਖੋਹ ਤੋਂ ਬਚਾਅ ਹੋਇਆ ਉੱਥੇ ਹੀ ਉਸਦੀ ਟੈਕਸੀ ਵੀ ਵਾਪਸ ਮਿਲ ਗਈ।
ਰਾਹਗੀਰ ਟੈਕਸੀ ਡਰਾਈਵਰ: ਉੱਥੇ ਹੀ ਮੌਕੇ ਤੇ ਪੁੱਜੇ ਹੋਰ ਟੈਕਸੀ ਚਾਲਕਾਂ ਨੇ ਦੱਸਿਆ ਕਿ ਇਹ ਨੌਜਵਾਨ ola uber ਵਿੱਚ ਕੰਮ ਕਰਦਾ ਹੈ । ਅੰਮ੍ਰਿਤਸਰ ਦੇ ਹਰਤੇਜ ਹਸਪਤਾਲ ਨੇੜੇ ਫਲਾਈ ਓਵਰ ਤੋਂ ਉਤਰਦੇ ਸਮੇਂ ਨੌਜਵਾਨਾਂ ਵੱਲੋਂ ਡਰਾਇਵਰ ਨੂੰ ਪਿਸਤੌਲ ਦੀ ਨੌਕ 'ਤੇ ਗੱਡੀ 'ਚੋਂ ਹੇਠਾਂ ਉਤਰਨ ਲਈ ਕਿਹਾ ਅਤੇ ਇਹ ਗੱਡੀ ਲੈ ਕੇ ਫਰਾਰ ਹੋ ਗਏ । ਜਦੋਂ ਇਹ ਗਮਟਾਲਾ ਬਾਈਪਾਸ ਚੌਂਕ 'ਤੇ ਪਹੁੰਚੇ ਤਾਂ ਪੁਲਿਸ ਵੱਲੋਂ ਨਾਕਾ ਲਗਾਇਆ ਹੋਣ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੀੜਤ ਵੱਲੋਂ ਹੁਣ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਖਿਡੌਣਾ ਪਿਸਤੌਲ ਨਾਲ ਲੁੱਟ: ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਾਕਰੀ ਮੁਤਾਬਿਕ ਜਿਸ ਪਿਸਤੌਲ ਨਾਲ ਲੁਟੇਰਿਆਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਉਹ ਖਿਡੌਣਾ ਪਿਸਤੌਲ ਦੱਸੀ ਜਾ ਰਹੀ ਹੈ।ਜਦਕਿ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਹਾਲੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਪੁਲਿਸ ਨੇ ਤਿੰਨੇ ਲੁਟੇਰੇ ਕਾਬੂ ਕਰ ਲਏ ਨੇ ਅਤੇ ਜਾਂਚ ਕੀਤੀ ਜਾ ਰਹੀ ਹੈ।