ਅੰਮ੍ਰਿਤਸਰ: ਥਾਣਾ ਬਿਆਸ ਅਧੀਂਨ ਪੈਂਦੇ ਖੇਤਰ ਵਿੱਚ ਆਏ ਦਿਨ ਲੁੱਟ ਖੋਹ ਦੀਆਂ ਵਾਰਦਤਾਂ ਤੋਂ ਅੱਕੀ ਪੁਲਿਸ ਵੱਲੋਂ ਐਸਐਚਓ ਬਿਆਸ ਇੰਸਪੈਕਟਰ ਬਲਕਾਰ ਸਿੰਘ ਦੀ ਅਗਵਾਈ ਹੇਠ ਜਗ੍ਹਾ-ਜਗ੍ਹਾ ਨਾਕੇਬੰਦੀਆਂ ਕਰ ਚੋਰ-ਲੁਟੇਰਿਆਂ ਨੂੰ ਕਾਬੂ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਬਿਆਸ ਪੁਲਿਸ ਨੇ ਇਲਾਕੇ ’ਚ ਮਸ਼ਹੂਰ ਦਾਤਰ ਗੈਂਗ ਦੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਤੀਜਾ ਨੌਜਵਾਨ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ।
ਗੱਲਬਾਤ ਦੌਰਾਨ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਬੀਤੀ 4 ਮਈ ਨੂੰ ਮੁਦਈ ਗੁਰਦੇਵ ਸਿੰਘ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਜਿੰਨ੍ਹਾਂ ਕੋਲ ਦਾਤਰ ਸੀ ਨੇ ਮੁਦਈ ਦੇ ਗੁੱਟ, ਬਾਂਹ ’ਤੇ ਦਾਤਰ ਮਾਰ ਕੇ ਫੋਨ ਨੂੰ ਖੋਹ ਕੇ ਫਰਾਰ ਹੋ ਗਏ ਸਨ ਅਤੇ ਉਕਤ ਘਟਨਾ ਦੀ ਸੀਸੀਟੀਵੀ ਪੁਲਿਸ ਵੱਲੋਂ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਉਕਤ ਫੋਨ ਵਿੱਚ ਚੱਲ ਰਹੀ ਸਿਮ ਨੰਬਰ ਟਰੇਸ ਕਰਨ ’ਤੇ ਪਤਾ ਚੱਲਿਆ ਕਿ ਉਕਤ ਨੰਬਰ ਨੂੰ ਸਠਿਆਲਾ ਨਿਵਾਸੀ ਵਿਅਕਤੀ ਚਲਾ ਰਹੇ ਹਨ ਜਿਸ ਸਬੰਧੀ ਥਾਣਾ ਬਿਆਸ ’ਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ।
ਬੀਤੀ ਰਾਤ ਚੌਂਕੀ ਇੰਚਾਰਜ ਸਠਿਆਲਾ ਏਐੱਸਆਈ ਬਲਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਨਾਕੇਬੰਦੀ ਕੀਤੀ ਗਈ। ਇਸ ਨਾਕੇਬੰਦੀ ਦੌਰਾਨ ਗੈਂਗ ਦੇ ਤਿੰਨ ਕਥਿਤ ਮੁਲਜ਼ਮ ਮੋਟਰਸਾਈਕਲ ਸਵਾਰ ਆ ਰਹੇ ਸਨ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਇੰਨ੍ਹਾਂ ਵਿੱਚੋਂ ਇੱਕ ਮੁਲਜ਼ਮ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਜਦਕਿ ਦੋ ਮੁਲਜ਼ਮਾਂ ਨੂੰ ਪੁਲਿਸ ਕਾਬੂ ਕਰਨ ਵਿੱਚ ਸਫਲ ਰਹੀ। ਕਾਬੂ ਕੀਤੇ ਮੁਲਜ਼ਮਾਂ ਤੋਂ ਖੋਹਿਆ ਗਿਆ ਮੋਬਾਇਲ ਅਤੇ ਇੱਕ ਮੋਟਰਸਾਇਕਲ ਬਰਾਮਦ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਮੁਲਜ਼ਮਾਂ ਨੂੰ ਦਾਤਰ ਗੈਂਗ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਦਾਤਰ ਨਾਲ ਲੁੱਟ ਕਰਨ ਕਰਕੇ ਇਸ ਗਿਰੋਹ ਦਾ ਲੋਕਾਂ ਵਿੱਚ ਖੌਫ਼ ਸੀ। ਉਨ੍ਹਾਂ ਕਿਹਾ ਕਿ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੰਦਾ ਪਾਣੀ ਪੀਣ ਨਾਲ ਬੱਚੇ ਹੋਏ ਬਿਮਾਰ