ਅੰਮ੍ਰਿਤਸਰ: ਬਜ਼ੁਰਗ ਮਾਂ ਦਾ ਸੁਪਨਾ ਹੈ ਕਿ ਉਹ ਮਰਨ ਤੋਂ ਪਹਿਲਾਂ ਆਖ਼ਰੀ ਵਾਰ ਆਪਣੇ ਪੁੱਤ ਦਾ ਮੂੰਹ ਵੇਖ ਲਵੇ, ਜੋ ਕਿ 7 ਸਾਲ ਦੀ ਉਮਰ ਵਿੱਚ ਗਲਤੀ ਨਾਲ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲਾ ਗਿਆ ਸੀ।
ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕਈ ਵਿਅਕਤੀਆਂ ਨੂੰ ਵਾਪਸ ਭੇਜਿਆ ਹੈ, ਜੋ ਗ਼ਲਤੀ ਨਾਲ ਸਰਹੱਦ ਪਾਰ ਕਰ ਕੇ ਦੂਸਰੇ ਮੁਲਕ ਵਿੱਚ ਚਲੇ ਗਏ ਸਨ। ਆਖ਼ਰੀ ਵਾਰ ਭਾਰਤ ਸਰਕਾਰ ਨੇ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਏ ਮੁਬਾਸ਼ਿਰ ਬਿਲਾਲ ਉਰਫ਼ ਮੁਬਾਰਕ ਨੂੰ ਵਾਪਸ ਆਪਣੇ ਵਤਨ ਭੇਜਣ ਦੀ ਪਹਿਲ ਕੀਤੀ ਸੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਅਜਨਾਲਾ ਦੇ ਪਿੰਡ ਬੇਦੀ ਚੰਨਾ ਦੀ ਰਹਿਣ ਵਾਲੀ ਪਿਆਰਾ ਕੌਰ ਨੇ ਦੱਸਿਆ ਕਿ ਉਹ ਆਖ਼ਰੀ ਸਾਹਾਂ ਤੱਕ ਆਪਣੇ ਬੇਟੇ ਨਾਨਕ ਸਿੰਘ ਉਰਫ਼ ਕਾਨਕ ਸਿੰਘ ਦਾ ਇੰਤਜ਼ਾਰ ਕਰ ਰਹੀ ਹੈ।
ਪਿਤਾ ਪੂਰਨ ਸਿੰਘ ਨੇ ਲਗਭਗ 36 ਸਾਲ ਪਹਿਲਾਂ ਉਹ ਆਪਣੇ ਖੇਤ ਵਿੱਚ ਹੱਲ ਵਾਹ ਰਿਹਾ ਸੀ ਅਤੇ ਸੁਹਾਗਾ ਲੈਣ ਲਈ ਆਪਣੇ ਘਰ ਨੂੰ ਚਲਾ ਗਿਆ। ਉਸ ਦੇ ਨਾਲ ਖੇਤਾਂ ਵਿੱਚ ਉਸ ਦਾ ਪੁੱਤਰ ਨਾਨਕ ਸਿੰਘ ਵੀ ਸੀ, ਜੋ ਕਿ ਉਸ ਸਮੇਂ 7 ਸਾਲ ਦਾ ਸੀ। ਉਸ ਨੂੰ ਉਹ ਖੇਤਾਂ ਵਿੱਚ ਛੱਡ ਗਿਆ।
ਜਦੋਂ ਉਹ ਵਾਪਸ ਖੇਤਾਂ ਨੂੰ ਆਇਆ ਤਾਂ ਉਸ ਦਾ ਮੁੰਡਾ ਉਥੇ ਨਹੀਂ ਸੀ, ਜੋ ਕਿ ਗਲਤੀ ਨਾਲ ਸਰਹੱਦ ਪਾਰ ਕਰ ਪਾਕਿਸਤਾਨ ਚਲਾ ਗਿਆ। ਉਨ੍ਹਾਂ ਕਾਫ਼ੀ ਦੇਖਭਾਲ ਕੀਤੀ ਪਰ ਮੁੰਡਾ ਕਿਤੇ ਵੀ ਨਾ ਮਿਲਿਆ।
ਰਤਨ ਸਿੰਘ ਨੇ ਅੱਗੇ ਦੱਸਿਆ ਕਿ ਉਸ ਨੇ ਪਿੰਡ ਵਿੱਚ ਹਰੇਕ ਥਾਂ ਉੱਤੇ ਉਸ ਦੀ ਭਾਲ ਕੀਤੀ ਪਰ ਉਹ ਨਾ ਮਿਲਿਆ। ਇਸ ਤੋਂ ਬਾਅਦ ਉਸ ਨੇ ਬੀ.ਐੱਸ.ਐੱਫ਼ ਦੇ ਜਵਾਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਪਾਕਿਸਤਾਨੀ ਰੇਂਜਰਾਂ ਨਾਲ ਗੱਲਬਾਤ ਕੀਤੀ, ਪਰ ਕੁੱਝ ਵੀ ਪਤਾ ਨਾ ਲੱਗਿਆ।
ਉਸ ਨੇ ਕਿਹਾ ਕਿ ਉਸ ਨੇ ਨਾਨਕ ਨੂੰ ਮਿਲਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਗਰੀਬ ਅਤੇ ਅਨਪੜ੍ਹ ਹੋਣ ਕਾਰਨ ਉਹ ਆਪਣੇ ਪੁੱਤਰ ਕੋਲ ਨਹੀਂ ਪਹੁੰਚ ਸਕਿਆ। ਉਸ ਨੇ ਕਿਹਾ ਕਿ ਉਸ ਨੇ ਕਈ ਮੰਤਰੀਆਂ ਨਾਲ ਸੰਪਰਕ ਵੀ ਕੀਤਾ ਪਰ ਉਸ ਦੀ ਕਿਸੇ ਨੇ ਵੀ ਨਾ ਸੁਣੀ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀ ਕੈਦੀਆਂ ਦੀ ਇੱਕ ਸੂਚੀ ਵੀ ਆਈ ਸੀ, ਜਿਸ ਵਿੱਚ ਨਾਨਕ ਦਾ ਜ਼ਿਕਰ ਤਾਂ ਹੈ, ਪਰ ਉਸ ਦਾ ਨਾਂਅ ਉਸ ਸੂਚੀ ਵਿੱਚ ਕਾਨਕ ਸਿੰਘ ਦਰਜ ਹੈ ਅਤੇ ਪਿੰਡ ਦਾ ਪਤਾ ਵਗੈਰਾ ਸਭ ਉਹੀ ਹੈ।
ਅੱਜ ਲਗਭਗ 36 ਸਾਲ ਹੋ ਗਏ ਹਨ, ਪਰ ਭਾਰਤ ਸਰਕਾਰ ਹਾਲੇ ਵੀ ਨਾਨਕ ਨੂੰ ਉਸ ਦੇ ਮਾਤਾ-ਪਿਤਾ ਨਾਲ ਨਹੀਂ ਮਿਲਵਾ ਸਕੀ ਹੈ। ਨਾਨਕ ਦੇ ਮਾਤਾ-ਪਿਤਾ ਦੇ ਦੋਸ਼ ਹਨ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਨਾਨਕ ਦੇ ਪਿਤਾ ਰਤਨ ਸਿੰਘ ਨੇ ਸਰਕਾਰਾਂ ਨੂੰ ਪੁੱਛਿਆ ਕਿ ਕੀ 7 ਸਾਲ ਦਾ ਬੱਚਾ ਜੁਰਮ ਕਰ ਸਕਦਾ ਹੈ?