ਅੰਮ੍ਰਿਤਸਰ: ਛੇਹਰਟਾ ਖੰਡਵਾਲਾ ਦੇ ਕ੍ਰਿਸ਼ਨਾ ਨਗਰ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਚਲਦੇ ਗੁਟਕਾ ਸਾਹਿਬ ਦੇ ਕੁਝ ਸੜੇ ਹੋਏ ਅੰਗ ਰੂੜੀਆਂ 'ਤੇ ਪਏ ਮਿਲੇ ਹਨ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਸਤਿਕਾਰ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਪੁਲਿਸ ਅਧਿਕਾਰੀਆ ਨੂੰ ਦਿੱਤੀ। ਪੁਲਿਸ ਅਤੇ SGPC ਅਧਿਕਾਰੀ ਤਫਤੀਸ਼ ਕਰ ਰਹੇ ਹਨ ਕਿ ਇਹ ਅੰਗ ਕਿਥੋਂ ਅਤੇ ਕਿਵੇਂ ਆਏ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਤਿਕਾਰ ਕਮੇਟੀ ਦੇ ਮੈਂਬਰਾਂ ਦੱਸਿਆ ਕਿ ਸਾਨੂੰ ਫੋਨ 'ਤੇ ਸੂਚਨਾ ਮਿਲੀ ਸੀ ਕਿ ਛੇਹਰਟਾ ਖੰਡਵਾਲਾ ਦੇ ਕ੍ਰਿਸ਼ਨਾ ਨਗਰ ਵਿਖੇ ਗੁਟਕਾ ਸਾਹਿਬ ਦੇ ਕੁਝ ਅੰਗ ਸੁੱਟੇ ਗਏ ਹਨ, ਜਿਸਦੇ ਚਲਦੇ ਬੇਅਦਬੀ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ।
ਇਸ ਸਬੰਧੀ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਥੇ ਕੁਝ ਲੋਕ ਮਕਾਨ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ ਜਿਨ੍ਹਾਂ ਵੱਲੋਂ ਇਥੇ ਪੂਜਾ ਕੀਤੀ ਗਈ ਸੀ। ਹੋ ਸਕਦਾ ਹੈ ਕਿ ਉਨ੍ਹਾਂ ਵੱਲੋਂ ਕੋਈ ਅਜਿਹਾ ਕੋਈ ਕਾਰਜ ਕੀਤਾ ਗਿਆ ਹੋਵੇ। ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੌਕੇ 'ਤੇ ਪੁਲਿਸ ਅਧਿਕਾਰੀ ਏਸੀਪੀ ਦੇਵ ਦੱਤ ਸ਼ਰਮਾ ਨੇ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕਰ ਰਹੇ ਹਾਂ, ਜਿਸ ਜਗ੍ਹਾ ਤੋਂ ਅੰਗ ਮਿਲੇ ਹਨ ਉਸ ਦੇ ਮਾਲਕ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ ਮਾਮਲਾ 'ਤੇ ਹਾਈਕੋਰਟ 'ਚ ਹੋਵੇਗੀ 23 ਫਰਵਰੀ ਨੂੰ ਸੁਣਵਾਈ