ਚੰਡੀਗੜ੍ਹ/ਅੰਮ੍ਰਿਤਸਰ: ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅੱਜ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਲਈ ਰਵਾਨਾ ਹੋ ਰਹੀ ਸੀ, ਪਰ ਇਮੀਗ੍ਰੇਸ਼ਨ ਦੌਰਾਨ ਅਧਿਕਾਰੀਆਂ ਵੱਲੋਂ ਉਸ ਨੂੰ ਰੋਕਿਆ ਗਿਆ। ਮਾਮਲੇ ਵਿੱਚ ਹੁਣ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਦੀ ਪਤਨੀ ਉਨ੍ਹਾਂ ਦੇ ਸਹੁਰੇ ਪਿੰਡ ਜੱਲੂ ਖੇੜਾ ਵਾਪਿਸ ਪਰਿਵਾਰ ਸਮੇਤ ਪਹੁੰਚ ਚੁੱਕੀ ਹੈ। ਪਰਿਵਾਰਕ ਮੈਂਬਰਾਂ ਨੇ ਵਾਪਸ ਪਰਤਣ ਮਗਰੋਂ ਕਿਹਾ ਕਿ ਉਨ੍ਹਾਂ ਨੂੰ ਕਿਉਂ ਰੋਕਿਆ ਗਿਆ ਇਸ ਸਬੰਧੀ ਅਧਿਕਾਰੀਆਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਵਿੱਚ ਚੱਲ ਰਹੀ ਕਾਰਵਾਈ ਕਾਰਨ ਉਸ ਦੀ ਪਤਨੀ ਕੋਲੋਂ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਇੱਕ ਬੰਦ ਕਮਰੇ ਵਿੱਚ ਇਮੀਗ੍ਰੇਸ਼ਨ ਦੇ 8 ਅਧਿਕਾਰੀਆਂ ਵੱਲੋਂ ਕਿਰਨਦੀਪ ਕੋਲੋਂ ਪੁੱਛਗਿੱਛ ਕੀਤੀ ਗਈ।
ਜਾਣਕਾਰੀ ਅਨੁਸਾਰ ਪਹਿਲਾਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਪੁਲਿਸ ਨੇ ਕਿਰਨਦੀਪ ਨੂੰ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਸੀ, ਪਰ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਖੰਡਨ ਕੀਤਾ ਗਿਆ। ਉਨ੍ਹਾਂ ਕਿਹਾ ਸੀ ਕਿ ਫਿਲਹਾਲ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਬਾਅਦ ਪੁਲਿਸ ਦੀ ਕੀ ਕੀਰਵਾਈ ਹੋਵੇਗੀ, ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਪੁਲਿਸ ਟਾਲਾ ਵੱਟਦੀ ਨਜ਼ਰ ਆਈ। ਕਿਰਨਦੀਪ ਸਵੇਰੇ 11.30 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚੀ। ਦੁਪਹਿਰ 1.30 ਵਜੇ ਦੀ ਫਲਾਈਟ ਰਾਹੀਂ ਲੰਡਨ ਲਈ ਰਵਾਨਾ ਹੋਣ ਵਾਲੀ ਸੀ।
ਫਲਾਈਟ ਦਾ ਸਮਾਂ ਅੱਗੇ ਵਧਾਇਆ : ਦੱਸ ਦਈਏ ਕਿਰਨਦੀਪ ਕੌਰ ਕੋਲੋਂ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਬਰਮਿੰਘਮ ਜਾਣ ਵਾਲੀ ਫਲਾਈਟ ਦਾ ਸਮਾਂ ਅਧਿਕਾਰੀਆਂ ਵੱਲੋਂ ਅੱਗੇ ਵਧਾ ਦਿੱਤਾ ਗਿਆ ਸੀ। ਫਲਾਈਟ ਦਾ ਸਮਾਂ ਪਹਿਲਾਂ 1.30 ਵਜੇ ਦਾ ਸੀ ਤੇ ਇਸ ਤੋਂ ਇਹ ਵਧਾ ਕੇ 2.30 ਵਜੇ ਦਾ ਕਰ ਦਿੱਤਾ ਗਿਆ, ਪਰ ਬਾਅਦ ਵਿੱਚ ਕਿਰਨਦੀਪ ਕੌਰ ਦੀ ਫਲਾਈਟ ਰੱਦ ਹੀ ਕਰਵਾ ਦਿੱਤੀ ਗਈ।
ਕਾਨੂੰਨੀ ਤੌਰ ਉੱਤੇ 180 ਦਿਨ ਤਕ ਮੈਂ ਰਹਿ ਸਕਦੀ ਹਾਂ ਭਾਰਤ : ਦੱਸ ਦਈਏ ਕਿ ਕਿਰਨਦੀਪ ਐਨਆਰਆਈ ਹੈ। ਉਸ 'ਤੇ ਬਰਤਾਨ ਵਿਚ ਬੱਬਰ ਖਾਲਸਾ ਨਾਲ ਸਬੰਧ ਹੋਣ ਅਤੇ ਪੰਜਾਬ ਵਿੱਚ ਫੰਡਿੰਗ ਕਰਨ ਦੇ ਵੀ ਇਲਜ਼ਾਮ ਹਨ। ਹਾਲਾਂਕਿ ਕਿਰਨਦੀਪ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਇਮੀਗ੍ਰੇਸ਼ਨ ਵੱਲੋਂ ਪੁੱਛਗਿੱਛ ਦੌਰਾਨ ਕਿਰਨਦੀਪ ਨੇ ਕਿਹਾ ਕਿ "ਮੈਂ ਕਾਨੂੰਨੀ ਤੌਰ 'ਤੇ ਭਾਰਤ 'ਚ ਰਹਿ ਰਹੀ ਹਾਂ ਤੇ ਮੈਂ ਇੱਥੇ 180 ਦਿਨ ਰਹਿ ਸਕਦੀ ਹਾਂ"। ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਕਿਰਨਦੀਪ ਕੌਰ ਨੇ ਇੱਕ ਮੈਗਜ਼ੀਨ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਅੰਮ੍ਰਿਤਪਾਲ ਨੂੰ ਨਹੀਂ ਛੱਡਾਂਗੀ। ਅੰਮ੍ਰਿਤਪਾਲ ਸਿਰਫ ਧਰਮ ਦਾ ਪ੍ਰਚਾਰ ਕਰ ਰਿਹਾ ਸੀ। ਉਸਨੇ ਕੁਝ ਗਲਤ ਨਹੀਂ ਕੀਤਾ, ਉਹ ਬੇਕਸੂਰ ਹੈ। ਅੰਮ੍ਰਿਤਪਾਲ ਨੇ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਅੱਜ ਉਸ ਨੂੰ ਝੂਠੇ ਦੋਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Bhagwant Mann Tweet: ਮੁਖਤਾਰ ਅੰਸਾਰੀ ਦਾ 55 ਲੱਖ ਕਾਨੂੰਨੀ ਖਰਚਾ ਭਰਨ ਤੋਂ ਸਰਕਾਰ ਦੀ ਕੋਰੀ ਨਾਂਹ