ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਗੁਰਦਵਾਰਾ ਬੁਰਜ ਅਕਾਲੀ ਫੂਲਾ ਸਿੰਘ ਵਿੱਖੇ ਪਹੁੰਚੇ ਅੰਮ੍ਰਿਤਪਾਲ ਸਿੰਘ ਨੇ ਇਕ ਵਾਰ ਵੱਡਾ ਬਿਆਨ ਦਿੱਤਾ ਹੈ। ਹਾਲਾਂਕਿ ਇਸ ਮੌਕੇ ਉਨ੍ਹਾਂ ਮੀਡੀਆ ਨੂੰ ਪਹਿਲਾਂ ਹੀ ਕਿਹਾ ਕਿ ਇਕ ਦੋ ਸਵਾਲ ਹੀ ਪੁੱਛੇ ਜਾਣ। ਇਸ ਮੌਕੇ ਮੀਡੀਆ ਨੇ ਵੀ ਸੰਖੇਪ ਵਿੱਚ ਹੀ ਸਵਾਲ ਕੀਤੇ ਅਤੇ ਅੰਮ੍ਰਿਤਪਾਲ ਸਿੰਘ ਵਲੋਂ ਵੀ ਸੰਖੇਪ ਜਵਾਬ ਦਿੱਤੇ ਗਏ।
ਪੰਜਾਬ ਦੇ ਨੌਜਵਾਨਾਂ ਨੂੰ ਇਕੱਠੇ ਹੋਣ ਦੀ ਲੋੜ : ਮੀਡੀਆ ਵਲੋਂ ਸਵਾਲ ਕੀਤਾ ਗਿਆ ਕਿ ਸਰਕਾਰ ਨੇ ਲਾਇਸੈਂਸ ਰੱਦ ਕਰਨ ਦਾ ਫੈਸਲਾ ਲਿਆ ਹੈ ਤਾਂ ਇਸ ਉੱਤੇ ਅੰਮ੍ਰਿਤਪਾਲ ਸਿੰਘ ਨੇ ਤਿੱਖਾ ਜਵਾਬ ਦਿੱਤਾ ਹੈ। ਇਸ ਮੌਕੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਬੁਰਜ ਅਕਾਲੀ ਫੂਲਾ ਸਿੰਘ ਜੀ ਦੇ ਦੋ ਸੌ ਸਾਲਾ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਉਹ ਇਸੇ ਦੇ ਸੰਬੰਧ ਵਿੱਚ ਆਪਣੀ ਹਾਜਿਰੀ ਭਰਨ ਲਈ ਇੱਥੇ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਵੇਲੇ ਇਕੱਠੇ ਹੋਣ ਦੀ ਲੋੜ ਹੈ।
ਅਸੀਂ ਨਹੀਂ ਲੈਂਦੇ ਸਰਕਾਰੀ ਸਿਕਿਓਰਿਟੀ : ਇਸ ਮੌਕੇ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਰੀਆਂ ਸੰਪਰਦਾਵਾਂ, ਸਾਰੀਆਂ ਟਕਸਾਲੀਆਂ ਅਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਇੱਕ ਹੋਣ ਦਾ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੱਦਾ ਇਸ ਲਈ ਵੀ ਹੈ ਤਾਂ ਜੋ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕੀਤੇ ਜਾ ਸਕਣ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਸਰਕਾਰੀ ਸੁਰੱਖਿਆ ਕਦੇ ਨਹੀਂ ਲੈਂਦੇ।
ਇਹ ਵੀ ਪੜ੍ਹੋ : Punjab Summit in Amritsar: G20 ਸੰਮੇਲਨ ਮੌਕੇ ਦਲ ਖਾਲਸਾ ਅੰਮ੍ਰਿਤਸਰ 'ਚ ਕਰਵਾਏਗਾ ਪੰਜਾਬ ਸੰਮੇਲਨ, ਜਾਣੋ ਕਾਰਨ
ਸਿੱਖਾਂ ਨੂੰ ਕੋਈ ਨਿਹੱਥਾ ਨਹੀਂ ਕਰ ਸਕਿਆ : ਹਾਲਾਂਕਿ ਅੰਮ੍ਰਿਤਪਾਲ ਸਿੰਘ ਨੇ ਸੁਰੱਖਿਆ ਦੇ ਮੁੱਦੇ ਉੱਤੇ ਖਾਸਤੌਰ ਉੱਤੇ ਇਹ ਬਿਆਨ ਦਿੰਦਿਆਂ ਕਿਹਾ ਕਿ ਸੁਰੱਖਿਆ ਲੈਣੀ ਹੈ ਕਿ ਨਹੀਂ ਇਸਦਾ ਫੈਸਲਾ ਪੰਥ ਹੀ ਕਰਦਾ ਆਇਆ ਹੈ ਅਤੇ ਇਸਦਾ ਫੈਸਲਾ ਵੀ ਪੰਥ ਹੀ ਲਵੇਗਾ। ਦੂਜੇ ਪਾਸੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਕਿ ਭੱਜਦਿਆਂ ਨੂੰ ਵਾਣ ਇੱਕੋ ਜਿਹੇ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਿੱਖਾਂ ਨੂੰ ਨਿਹੱਥੇ ਕਰਨਾ ਹੈ ਤਾਂ ਵੀ ਕੋਈ ਗੱਲ ਨਹੀਂ ਹੈ। ਪਰ ਸਿੱਖਾਂ ਨੂੰ ਕਦੇ ਕੋਈ ਨਿਹੱਥੇ ਨਹੀਂ ਕਰ ਸਕਿਆ ਹੈ। ਸਰਕਾਰਾਂ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ ਪਰ ਇਹ ਕਦੇ ਕਾਮਯਾਬ ਨਹੀਂ ਹੋਣਗੇ।