ਅੰਮ੍ਰਿਤਸਰ: ਡਿੱਗ ਕੇ ਉੱਠਣਾ, ਚੱਲਣਾ ਤੇ ਦੌੜਨਾ ਕੋਈ ਅਮਨਦੀਪ ਕੌਰ ਰਾਠੌਰ ਤੋਂ ਸਿੱਖੇ। ਅੰਮ੍ਰਿਤਸਰ ਦੀ ਧੀ ਅਮਨਦੀਪ ਕੌਰ ਅੱਜ ਜੱਜ ਬਣ ਗਈ ਹੈ। ਅਮਨਦੀਪ ਨੇ ਸਾਲ 2011 'ਚ ਲਾਅ ਦੀ ਪੜ੍ਹਾਈ ਪੂਰੀ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਜੱਜ ਬਣਨ ਦੀ ਤਿਆਰੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਪੇਪਰ ਦੇ ਚੁੱਕੀ ਹੈ। ਕਈ ਵਾਰ ਟੁੱਟ ਵੀ ਗਏ ਪਰ ਉੱਠ ਖੜ੍ਹੇ ਹੋਏ ਤੇ ਹਿੰਮਤ ਨਹੀਂ ਛੱਡੀ।
ਅਮਨਦੀਪ ਕੌਰ ਦੀ ਪੰਜਾਬ ਜੂਡੀਸ਼ੀਅਲ 'ਚ ਬਤੌਰ ਸਿਵਲ ਜੱਜ ਜੂਨੀਅਰ ਡਿਵੀਜ਼ਨ ਸਿਲੈਕਟ ਹੋਈ ਹੈ ਤੇ ਇਸ ਵੇਲੇ ਜਲੰਧਰ 'ਚ ਟ੍ਰੇਨਿੰਗ ਕਰ ਰਹੀ ਹੈ। ਜੱਜ ਬਣਨ ਤੋਂ ਬਾਅਦ ਅੰਮ੍ਰਿਤਸਰ ਪੁੱਜਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਮਾਪੇ ਵੀ ਮਾਣ ਮਹਿਸੂਸ ਕਰ ਰਹੇ ਹਨ। ਅਮਨਦੀਪ ਦੇ ਪਿਤਾ ਬਲਦੇਵ ਸਿੰਘ ਨੇ ਸਮਾਜ ਨੂੰ ਵੀ ਸੁਨੇਹਾ ਦਿੱਤਾ ਕਿ ਧੀ-ਪੁੱਤ 'ਚ ਫਰਕ ਕੀਤੇ ਬਿਨ੍ਹਾਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਵੱਧ ਤੋਂ ਵੱਧ ਹੱਲਾਸ਼ੇਰੀ ਦੇਣ।
ਮੰਜ਼ਿਲ ਤੱਕ ਪਹੁੰਚਣ ਲਈ ਰਾਹ 'ਚ ਔਂਕੜਾ ਜ਼ਰੂਰ ਆਉਂਦੀਆਂ ਹਨ ਪਰ ਉਨ੍ਹਾਂ ਔਕੜਾਂ ਤੋਂ ਨਾ ਘਬਰਾਉਂਦੇ ਹੋਏ ਆਪਣੇ ਸੁਪਨੇ ਨੂੰ ਕਿੰਝ ਪੂਰਾ ਕਰਨਾ ਹੈ, ਇਸ ਦੀ ਮਿਸਾਲ ਅੱਜ ਅਮਨਦੀਪ ਕੌਰ ਨੇ ਪੇਸ਼ ਕੀਤੀ ਹੈ।