ਚੰਡੀਗੜ੍ਹ : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਸਿੱਖ ਆਗੂਆਂ ਦਾ ਇੱਕ ਵਫ਼ਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ।
ਉਨ੍ਹਾਂ ਨੇ ਜਥੇਦਾਰ ਤੋਂ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਕੀਤੇ ਜਾਂਦੇ ਸਿੱਧੇ ਕੀਰਤਨ ਪ੍ਰਸਾਰਣ ਉੱਤੋਂ ਇੱਕ ਨਿੱਜੀ ਚੈਨਲ ਦੀ ਇਜ਼ਾਰੇਦਾਰੀ ਹਟਾਈ ਜਾਵੇ।
ਸਿੱਖ ਆਗੂਆਂ ਨੇ ਕਿਹਾ ਕਿ ਗੁਰਬਾਣੀ ਕੋਈ ਸੰਸਾਰਿਕ ਵਸਤ ਨਹੀਂ ਹੈ ਜਿਸ ਨੂੰ ਕੁੱਝ ਟਕਿਆਂ ਬਦਲੇ ਕਿਸੇ ਇੱਕ ਟੀਵੀ ਚੈਨਲ ਨੂੰ ਵੇਚਿਆ ਜਾ ਸਕੇ। ਸਗੋਂ ਇਹ ਪੂਰੀ ਮਨੁੱਖਤੇ ਦੇ ਭਲੇ ਲਈ ਇੱਕ ਸਰਬਸਾਂਝਾ ਸੰਦੇਸ਼ ਹੈ ਜਿਹੜਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਲਗਾਏ 400 ਕਿਸਮ ਦੇ 2 ਹਜ਼ਾਰ ਬੂਟੇ
ਜਥੇਦਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੁੰ ਭਰੋਸਾ ਦਿੱਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਗੱਲ ਕਰ ਕੇ ਇਸ ਮਾਮਲੇ ਦਾ ਹੱਲ ਕੱਢਣਗੇ।