ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 8 ਮਾਰਚ ਨੂੰ ਸੂਬਾ ਪੱਧਰੀ ਐਲਾਨੇ ਰੋਸ ਧਰਨਿਆਂ ਤਹਿਤ ਰਈਆ ਦਾਣਾ ਮੰਡੀ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ਼ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਰੋਸ ਧਰਨਾ ਲਗਾਇਆ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕ ਮਾਰੂ ਨੀਤੀਆਂ ਅਤੇ ਚੋਣਾਂ ਸਮੇ ਲੋਕਾਂ ਨਾਲ ਕੀਤੇ ਗਏ ਵਾਅਦੇ ਨਾ ਪੂਰੇ ਕੀਤੇ ਜਾਣ ਤੋਂ ਇਲਾਵਾ ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਖਿਲਾਫ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਸੂਬਾ ਪੱਧਰੀ ਰੋਸ ਧਰਨੇ ਦਿੱਤੇ ਜਾ ਰਹੇ ਹਨ।
ਇਹ ਵੀ ਪੜੋ: ਬੇਅਦਬੀ ਮਾਮਲੇ: ਜਥੇਦਾਰ ਦਾਦੂਵਾਲ ਨੇ ਸਰਕਾਰ ਨੂੰ ਲਿਆ ਆੜੇ ਹੱਥੀਂ
ਉਨ੍ਹਾਂ ਕਿਹਾ ਕਿ ਸਰਕਾਰ ਦੇ ਮਾਰੂ ਰਵੱਈਏ ਕਾਰਣ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ ਅਤੇ ਲੋਕ ਰੋਜੀ ਰੋਟੀ ਕਮਾਉਣ ਅਤੇ ਪਕਾਉਣ ਲਈ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਤੇ ਵਰਦਿਆਂ ਉਨ੍ਹਾਂ ਖੇਤੀਬਾੜੀ ਬਿੱਲ, ਬਿਜਲੀ ਸੋਧ ਬਿੱਲ ਅਤੇ ਪਰਾਲੀ ਕਾਨੂੰਨ ਦਾ ਵਿਰੋਧ ਕਰਦਿਆਂ ਉਕਤ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ।