ਅੰਮ੍ਰਿਤਸਰ: ਅਜੋਕੇ ਦੌਰ ਵਿੱਚ ਜਿੱਥੇ ਅੱਜ ਕੱਲ ਦੇ ਬੱਚੇ ਟੀਵੀ, ਮੋਬਾਇਲ ਤੱਕ ਸੀਮਤ ਹੋ ਕੇ ਰਹਿ ਗਏ ਹਨ, ਉੱਥੇ ਹੀ ਅੱਜ ਵੀ ਕੁਝ ਅਜਿਹੇ ਬੱਚੇ ਹਨ, ਜੋ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਗਰਾਊਂਡ ਤੋਂ ਕਰਦੇ ਹਨ ਅਤੇ ਆਪਣੇ ਸਕੂਲ ਸਮੇਂ ਤੋਂ ਬਾਅਦ ਮੁੜ ਸ਼ਾਮ ਨੂੰ ਵੀ ਗਰਾਊਂਡ ਵਿੱਚ ਹੀ ਦਿਖਾਈ ਦਿੰਦੇ ਹਨ। ਇਹ 4 ਤੋਂ 14 ਸਾਲਾਂ ਤੱਕ ਦੇ ਬੱਚੇ ਕਰਾਟੇ ਖੇਡ ਰਾਹੀਂ ਚੰਗਾ ਨਾਮਣਾ ਖੱਟ ਰਹੇ ਹਨ। ਸਵੈ ਸੁਰੱਖਿਆ ਲਈ ਵਿਦੇਸ਼ਾਂ ਵਿੱਚ ਮੋਹਰਲੀ ਕਤਾਰ ਦੀ ਖੇਡ ਕਰਾਟੇ ਹੁਣ ਪੰਜਾਬ ਵਿੱਚ ਬੱਚਿਆਂ ਦੀ ਪਸੰਦ ਬਣਦੀ ਜਾ ਰਹੀ ਹੈ। ਇਸ ਦਾ ਕਾਰਨ ਹੈ ਕਿ ਅੱਜ ਕੱਲ੍ਹ ਦੇ ਮਾਹੌਲ ਵਿੱਚ ਇੱਕਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਾ ਸੰਭਵ ਨਹੀਂ ਹੈ, ਪਰ ਜੇਕਰ ਤੁਸੀਂ ਅਜਿਹੀ ਕਿਸੇ ਖੇਡ ਵਿੱਚ ਨਿਪੁੰਨ ਹੋ ਤਾਂ ਕਹਿ ਸਕਦੇ ਹਾਂ ਕਿ ਕਿਸੇ ਮਾੜੀ ਘਟਨਾ ਤੋਂ ਬਚਣ ਲਈ ਇਕ ਹੀ ਵਿਅਕਤੀ 2- 4 ਲਈ ਕਾਫੀ ਹੈ।
ਬੱਚਿਆਂ ਨੇ ਮੈਡਲ ਜਿੱਤ ਕੇ ਵਧਾਇਆ ਮਾਣ: ਦੱਸ ਦੇਈਏ ਕਿ ਫਤਿਹ ਅਕੈਡਮੀ ਮਾਰਸ਼ਲ ਆਰਟ ਬਿਆਸ ਦੇ ਕੋਚ ਧਲਵਿੰਦਰ ਸਿੰਘ ਅਤੇ ਮਹਿਲਾ ਕੋਚ ਰਾਜਬੀਰ ਕੌਰ ਵਲੋਂ ਕੁਝ ਸਮੇਂ ਤੋਂ ਇਨ੍ਹਾਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਹੁਣ ਇਹ ਬੱਚੇ ਨੈਸ਼ਨਲ ਪੱਧਰ ਉੱਤੇ ਵੱਖ ਵੱਖ ਜਗ੍ਹਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲ ਹਾਸਿਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ। ਹਾਲ ਹੀ ਵਿੱਚ, ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਈ 10 ਜੂਨ, 10 ਰਿਓ ਕਰਾਟੇ, ਆਲ ਇੰਡੀਆ ਕਰਾਟੇ ਡੂ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੇ ਵੱਖ ਵੱਖ ਕੋਨਿਆਂ ਤੋਂ ਪਹੁੰਚੇ ਕਰੀਬ 750 ਬੱਚਿਆਂ ਨੇ ਭਾਗ ਲਿਆ ਸੀ, ਤਾਂ ਉੱਥੇ ਹੀ ਇਸ ਅਕੈਡਮੀ ਦੇ 31 ਬੱਚਿਆਂ ਨੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲਾਂ ਦੀ ਝੜੀ ਲਗਾ ਦਿੱਤੀ ਜਿਸ ਨੂੰ ਦੇਖ ਕੇ ਬੱਚਿਆਂ ਦੇ ਕੋਚ, ਮਾਪੇ ਅਤੇ ਇਲਾਕੇ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਬੱਚਿਆਂ ਨੇ 13 ਗੋਲਡ, 9 ਸਿਲਵਰ ਅਤੇ 9 ਬਰਾਉਂਜ਼ ਮੈਡਲ ਸਮੇਤ ਓਵਰਆਲ ਕੱਪ ਉੱਤੇ ਕਬਜ਼ਾ ਕੀਤਾ।
ਸਵੈ-ਰੱਖਿਆ ਲਈ ਇਹ ਖੇਡ ਜਰੂਰੀ: ਗੱਲਬਾਤ ਦੌਰਾਨ ਫਤਹਿ ਅਕੈਡਮੀ ਮਾਰਸ਼ਲ ਆਰਟ ਬਿਆਸ ਦੇ ਕੋਚ ਧਲਵਿੰਦਰ ਸਿੰਘ ਅਤੇ ਮਹਿਲਾ ਕੋਚ ਰਾਜਬੀਰ ਕੌਰ ਨੇ ਦੱਸਿਆ ਕਿ ਉਹ ਬੀਤੇ ਕਾਫੀ ਸਮੇਂ ਤੋਂ ਬੱਚਿਆਂ ਨੂੰ ਕਰਾਟੇ ਦੀ ਟਰੇਨਿੰਗ ਦੇ ਰਹੇ ਹਨ। ਇਕ ਦੋ ਤੋਂ ਸ਼ੁਰੂ ਹੋਏ ਇਨ੍ਹਾਂ ਬੱਚਿਆਂ ਦੀ ਗਿਣਤੀ ਹੁਣ ਕਰੀਬ 40-50 ਤੱਕ ਪੁੱਜ ਗਈ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਇਹ ਖੇਡ ਕਾਫੀ ਮਿਹਨਤ ਮੰਗਦੀ ਹੈ, ਪਰ ਇਕ ਵਾਰ ਇਸ ਵਿੱਚ ਨਿਪੁੰਨ ਹੋਣ ਨਾਲ ਤੁਸੀ ਕਿਸੇ ਵੀ ਤਰ੍ਹਾਂ ਦੀ ਮਾੜੀ ਸਥਿਤੀ ਵਿੱਚ ਆਪਣੇ ਬਚਾਅ ਕਰਨ ਦੇ ਕਾਬਿਲ ਹੋ ਜਾਂਦੇ ਹੋ, ਜੋ ਅੱਜ ਕੱਲ੍ਹ ਖਾਸਕਰ ਲੜਕੀਆਂ ਲਈ ਬੇਹੱਦ ਜਰੂਰੀ ਹੈ। ਮਾਪੇ ਵੀ ਇਸੇ ਚੀਜ ਨੂੰ ਮੁੱਖ ਰੱਖਦੇ ਆਪਣੇ ਬੱਚਿਆ ਨੂੰ ਕਰਾਟੇ ਦੀ ਕੋਚਿੰਗ ਲਈ ਲੈ ਕੇ ਆ ਰਹੇ ਹਨ।
ਬੱਚਿਆਂ ਦੇ ਮਾਪਿਆਂ ਨੂੰ ਮਾਣ: ਬੱਚਿਆਂ ਦੇ ਮਾਤਾ ਪਰਮਿੰਦਰ ਕੌਰ ਅਤੇ ਹਰਮੀਤ ਕੌਰ ਸਣੇ ਹੋਰਨਾਂ ਨੇ ਕਿਹਾ ਕਿ ਬੇਸ਼ੱਕ ਸਕੂਲਾਂ ਵਿੱਚ ਸਾਰੀਆਂ ਖੇਡਾਂ ਜਰੂਰੀ ਹਨ, ਪਰ ਇਸ ਦੇ ਨਾਲ-ਨਾਲ ਸਰਕਾਰ ਨੂੰ ਕਰਾਟੇ ਦੀ ਖੇਡ ਕੋਚਿੰਗ ਵੀ ਲਾਜ਼ਮੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇ ਦੌਰ ਵਿੱਚ ਜਦੋਂ ਬੱਚੇ ਸਕੂਲ, ਕਾਲਜ ਜਾਂ ਫਿਰ ਆਪਣੇ ਕੰਮ ਕਾਜ ਲਈ ਘਰੋਂ ਬਾਹਰ ਜਾਂਦੇ ਹਨ ਤਾਂ ਕੀਤੇ ਨਾ ਕਿਤੇ ਮਨ ਵਿੱਚ ਇੱਕ ਡਰ ਹੁੰਦਾ ਹੈ, ਪਰ ਜੇਕਰ ਸਾਡੇ ਬੱਚੇ ਕਰਾਟੇ ਜਿਹੀ ਸਵੈ ਸੁਰੱਖਿਆ ਖੇਡ ਵਿੱਚ ਨਿਪੁੰਨ ਹੋ ਜਾਂਦੇ ਹਨ, ਤਾਂ ਕਾਫੀ ਹਦ ਤੱਕ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਸਾਡੇ ਬੱਚੇ ਹੁਣ ਨੈਸ਼ਨਲ ਵੀ ਖੇਡਣਗੇ ਜਿਸ ਨਾਲ ਉਹ ਪੰਜਾਬ ਦਾ ਨਾਮ ਰੌਸ਼ਨ ਕਰਨਗੇ।
ਮਾਨ ਸਰਕਾਰ ਕੋਲੋਂ ਮੰਗ: ਕੋਚ ਤੇ ਬੱਚਿਆਂ ਦੇ ਮਾਂਪਿਆ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਕਰਾਟੇ ਨੂੰ ਵਿਸ਼ੇਸ਼ ਸਥਾਨ ਨਹੀਂ ਮਿਲ ਸਕਿਆ, ਪਰ ਆਸ ਕਰਦੇ ਹਾਂ ਕਿ ਭਗਵੰਤ ਮਾਨ ਸਰਕਾਰ ਬੱਚਿਆਂ ਦੀ ਜਰੂਰਤ ਨੂੰ ਸਮਝਦੇ ਹੋਏ ਜਲਦ ਇਸ ਖੇਡ ਨੂੰ ਪ੍ਰਚਲਤ ਕਰਨ ਵੱਲ ਧਿਆਨ ਦੇਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਟੀਵੀ ਮੋਬਾਇਲ ਤੋਂ ਦੂਰ ਕਰ ਕੇ ਖੇਡਾਂ ਨਾਲ ਜੋੜਿਆ ਜਾਵੇ ਜਿਸ ਨਾਲ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਵੇਗਾ।