ਅੰਮ੍ਰਿਤਸਰ : ਬਟਾਲਾ ਰੋਡ 'ਤੇ ਰਹਿਣ ਵਾਲੇ ਇੱਕ ਅਜਿਹਾ ਪਰਿਵਾਰ ਜਿਸ ਦੇ ਹਾਲਾਤ ਵੇਖ ਕੇ ਤੁਹਾਡੀ ਰੂਹ ਕੰਬ ਜਾਵੇ। ਦਰਾਅਸਰ ਘਰ ਦੇ ਮੁਖੀ ਦਾ ਡਿਲੀਵਰੀ ਕਰਦੇ ਸਮੇਂ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਇਹ ਪਰਿਵਾਰ ਬੱਚੀਆਂ ਸਣੇ ਸੜਕ ਕੰਢੇ ਰਹਿਣ ਨੂੰ ਮਜ਼ਬੂਰ ਹੋ ਗਿਆ ਹੈ। ਝੌਪੜੀ ਇਸ ਤਰ੍ਹਾਂ ਬਣੀ ਹੈ ਕਿ ਇੱਥੇ ਅੰਦਰ ਛੋਟੀ ਜਿਹੀ ਥਾਂ ਵਿੱਚ ਰਸੋਈ, ਬਾਥਰੂਮ ਤੇ ਸੌਣ (Batala Road Of Amritsar) ਲਈ ਮੰਜੇ ਲੱਗੇ ਹੋਏ ਹਨ।
ਇੱਕ ਹਾਦਸੇ ਨੇ ਸਭ ਕੁੱਝ ਲੁੱਟਿਆ: ਪਰਿਵਾਰ ਦੇ ਮੁਖੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਉਹ ਡਿਲੀਵਰੀ ਕਰਨ ਦਾ ਕੰਮ ਕਰਦਾ ਸੀ। ਕੁਝ ਸਾਲ ਪਹਿਲਾਂ, ਦੀਵਾਲੀ ਵਾਲੇ ਦਿਨ ਜਦੋਂ ਉਹ ਡਿਲੀਵਰੀ ਕਰਨ ਜਾ ਰਿਹਾ ਸੀ, ਤਾਂ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਨ ਤਾਂ ਬੱਚ ਗਈ, ਪਰ ਦਿਮਾਗ ਅੰਦਰ ਖੂਨ ਜੰਮ ਜਾਣ ਕਾਰਨ ਉਸ ਨੂੰ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦੀ। ਇਸ ਕਾਰਨ ਠੀਕ ਹੋਣ ਤੋਂ ਬਾਅਦ ਵੀ ਉਹ ਕੰਮ ਨਹੀਂ ਕਰ ਪਾਇਆ।
2 ਧੀਆਂ ਲੈ ਕੇ ਸੜਕ ਕੰਢੇ ਰਹਿ ਰਿਹਾ ਪਰਿਵਾਰ: ਸ਼ਸ਼ੀ ਨੇ ਦੱਸਿਆ ਕਿ ਫਿਰ ਪਤਨੀ ਸੰਧਿਆ ਵੀ ਬਿਮਾਰ ਹੋ ਗਈ, ਉਸ ਦੇ ਇਲਾਜ ਉੱਤੇ ਪੈਸੇ ਲਾਏ, ਪਰ ਪੈਸੇ ਸਾਰੇ ਮੁੱਕ ਗਏ। ਕੰਮ ਨਾ ਹੋਣ ਕਾਰਨ ਕਿਰਾਇਆ ਨਾ ਦੇ ਸਕਿਆ, ਤਾਂ ਮਕਾਨ ਮਾਲਿਕ ਨੇ ਮਕਾਨ ਖਾਲੀ ਕਰਵਾ ਲਿਆ। ਕਿਸੇ ਵੀ ਰਿਸ਼ਤੇਦਾਰ ਜਾਂ ਸਾਥੀ ਨੇ ਉਸ ਦਾ ਸਾਥ ਨਹੀਂ ਦਿੱਤੀ। ਆਖਿਰ 2 ਧੀਆਂ ਤੇ ਪਤਨੀ ਨਾਲ ਉਹ ਇੱਥੇ ਇੱਕ ਝੌਂਪੜੀ ਬਣਾਈ ਅਤੇ ਇੱਥੇ ਹੀ ਰਹਿਣ ਲੱਗਾ। ਪਤਨੀ ਸੰਧਿਆ ਨੇ ਕਿਹਾ ਕਿ ਅਪਣੀਆਂ ਧੀਆਂ ਨੂੰ ਇੱਥੇ ਲੈ ਕੇ ਰਹਿ ਰਹੀ ਹੈ, ਜਿਸ ਕਾਰਨ ਹਰ ਸਮੇਂ ਅਜੀਬ ਡਰ ਬਣਿਆ ਰਹਿੰਦਾ ਹੈ।
ਸੰਧਿਆ ਨੇ ਦੱਸਿਆ ਕਿ ਇੱਥੇ ਜੰਗਲੀ ਜਾਨਵਰ ਵੀ ਘੁੰਮਦੇ ਹਨ, ਨਸ਼ੇੜੀ ਵੀ ਇੱਥੇ ਬੈਠੇ ਰਹਿੰਦੇ ਹਨ। ਸਾਡੀ ਸਰਕਾਰ ਕੋਲੋਂ ਅਪੀਲ ਹੈ ਕਿ ਸਾਨੂੰ ਪੈਸੇ ਨਹੀਂ ਚਾਹੀਦੇ, ਬਸ ਛੱਤ ਪਾ ਕੇ ਦੇ ਦੇਣ, ਤਾਂ ਜੋ ਧੀਆਂ ਨੂੰ ਮਹਿਫੂ਼ਜ਼ ਰੱਖ ਸਕਾ।
ਧੀਆਂ ਨੇ ਸਰਕਾਰ ਕੋਲੋਂ ਕੀਤੀ ਅਪੀਲ: ਸ਼ਸ਼ੀ ਤੇ ਸੰਧਿਆ ਦੀਆਂ ਦੋ ਧੀਆਂ ਹਨ, ਜਿਸ ਚੋਂ ਇੱਕ ਪਰੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਸਾਇਕਲ ਉੱਤੇ ਸਕੂਲ ਜਾਂਦੀ ਹੈ। ਉੱਥੇ ਹੀ ਛੋਟੀ ਧੀ ਪਹਿਲੀ ਜਮਾਤ ਤੋਂ ਬਾਅਦ ਸਕੂਲ ਨਹੀਂ ਜਾ ਪਾ ਰਹੀ ਹੈ, ਕਿਉਂਕਿ ਉਸ ਨੂੰ ਆਟੋ ਵਾਲਾ ਸਕੂਲ ਨਹੀਂ ਲੈ ਕੇ ਜਾਂਦਾ। ਧੀ ਨੇ ਕਿਹਾ ਕਿ ਆਟੋ ਵਾਲੇ ਨੂੰ ਦੇਣ ਲਈ ਪੈਸੇ ਨਹੀਂ ਹਨ, ਤਾਂ ਉਹ ਸਕੂਲ ਨਹੀਂ ਲੈ ਕੇ ਜਾਂਦਾ। ਪਰਿਵਾਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਪੈਸੇ ਨਹੀਂ ਚਾਹੀਦੇ, ਬਸ ਕੋਈ ਘਰ ਦੀ ਛੱਤ ਪਾ ਦੇਵੇ, ਤਾਂ ਜੋ ਧੀਆਂ ਸੁਰੱਖਿਅਤ ਰਹਿ ਸਕਣ।