ਅੰਮ੍ਰਿਤਸਰ: ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ 92 ਸਾਲ ਪੁਰਾਣੇ ਹੁਕਮ ਬਦਲ ਕੇ ਸਰਕਾਰੀ ਸਕੂਲਾਂ 'ਚ ਦਾਖ਼ਲਿਆਂ ਦੀ ਗਿਣਤੀ ਵਧਾਉਣ ਲਈ ਨਵੇਂ ਹੁਕਮ ਦਿੱਤੇ ਗਏ ਹਨ। ਕ੍ਰਿਸ਼ਨ ਕੁਮਾਰ ਵਲੋਂ ਹੁਕਮ ਦਿੱਤੇ ਹਨ ਕਿ ਹੁਣ ਵਿਦਿਆਰਥੀ ਟਰਾਂਸਫਰ ਸਰਟੀਫਿਕੇਟ ਦੀ ਥਾਂ ਸਵੈ ਘੋਸ਼ਣਾ ਪੱਤਰ ਨਾਲ ਦਾਖਲਾ ਲੈ ਸਕਦਾ ਹੈ। ਸਿੱਖਿਆ ਸਕੱਤਰ ਦੇ ਇਸ ਫੈਸਲੇ ਨਾਲ ਸਰਕਾਰੀ ਸਕੂਲਾਂ 'ਚ ਦਾਖਲਿਆਂ ਦੀ ਗਿਣਤੀ 'ਚ ਵਾਧੇ ਦੇ ਅਸਾਰ ਨਜ਼ਰ ਆਉਂਦੇ ਹਨ, ਕਿਉਂਕਿ ਕੋਰੋਨਾ ਦੇ ਚੱਲਦਿਆਂ ਜਿਥੇ ਮਾਪੇ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫੀਸਾਂ ਤੋਂ ਤੰਗ ਹਨ, ਜਿਸ ਕਾਰਨ ਉਨ੍ਹਾਂ ਵਲੋਂ ਸਰਕਾਰੀ ਸਕੂਲਾਂ ਵੱਲ ਰੁਖ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿੱਖਿਆ ਸਕੱਤਰ ਵਲੋਂ ਖੁਦ ਸਕੂਲਾਂ 'ਚ ਦਾਖਲਿਆਂ ਲਈ ਪਿੰਡ ਪੱਧਰ 'ਤੇ ਵਿਚਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਵਿਦਿਆਰਥੀ ਦੇ ਸਕੂਲ ਬਦਲੀ ਨੂੰ ਲੈਕੇ ਕੀਤੇ ਫੈਸਲੇ ਨਾਲ ਮਾਪਿਆਂ ਦਾ ਰੁਝਾਨ ਮੁੜ ਸਰਕਾਰੀ ਸਕੂਲਾਂ ਵੱਲ ਹੋ ਰਿਹਾ ਹੈ। ਇਸ ਸਬੰਧੀ ਬਿਆਸ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਕਿ ਸਿੱਖਿਆ ਸਕੱਤਰ ਵਲੋਂ ਲਿਆ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਕਿ ਸਰਕਾਰ ਵਲੋਂ ਸਮਾਰਟ ਸਕੂਲ ਬਣਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਪਿੰਡ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕਰਨ ਨਾਲ ਸਕੂਲ 'ਚ ਦਾਖਲਿਆਂ 'ਚ ਵਾਧਾ ਹੋਇਆ ਹੈ।
ਇਸ ਮੌਕੇ ਸਰਕਾਈ ਸਕੂਲ 'ਚ ਦਾਖਲਾ ਕਰਵਾਉਣ ਆਏ ਮਾਪਿਆਂ ਦਾ ਕਹਿਣਾ ਕਿ ਉਹ ਖੁਦ ਸਰਕਾਰੀ ਸਕੂਲਾਂ 'ਚ ਪੜ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਵਧੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਪ੍ਰਾਈਵੇਟ ਸਕੂਲਾਂ ਦੀ ਲੁੱਟ ਦੇ ਚੱਲਦਿਆਂ ਉਹ ਆਪਣੇ ਬੱਚੇ ਦਾ ਦਾਖਲਾ ਸਰਕਾਰੀ ਸਕੂਲ 'ਚ ਕਰਵਾ ਰਹੇ ਹਨ।
ਇਸ ਮੌਕੇ ਪਿੰਡ ਦੇ ਸਰਪੰਚ ਦਾ ਕਹਿਣਾ ਕਿ ਮੁੱਖ ਮੰਤਰੀ ਪੰਜਾਬ ਅਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਯਤਨਾਂ ਸਦਕਾ ਬਿਆਸ ਦਾ ਸਰਕਾਰੀ ਸਕੂਲ ਸਮਾਰਟ ਸਕੂਲ ਬਣਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ 'ਚ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਜਿਕਰੇਖਾਸ ਹੈ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਰਕਾਰੀ ਸਕੂਲਾਂ 'ਚ ਦਾਖ਼ਲਿਆਂ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਮੁੜ ਮਾਪਿਆਂ ਨੇ ਸਰਕਾਰੀ ਸਕੂਲਾਂ ਦਾ ਰੁਖ ਕੀਤਾ ਹੈ ਅਤੇ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ 'ਚ ਕਰਵਾ ਰਹੇ ਹਨ।