ਅੰਮ੍ਰਿਤਸਰ : ਬੀਤੇ ਦਿਨੀਂ ਵੱਖ-ਵੱਖ ਅੱਤਵਾਦੀ ਹਮਲਿਆਂ ਵਿੱਚ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨਾਂ ਨੂੰ ਬਾਲੀਵੁੱਡ ਅਭਿਨੇਤਰੀ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ, ਰਾਸ਼ਟਰੀ ਚੇਅਰਮੈਨ (ਰਾਸ਼ਟਰੀ ਭਗਵਾਂ ਸੈਨਾ ਸੰਗਠਨ) ਦੇ ਘਰ ਵਿਸ਼ਾਲ ਇਕੱਤਰਤਾ ਕਰਦਿਆਂ ਕੈਂਡਲ ਮਾਰਚ ਕੱਢ ਕੇ ਅਤੇ ਇਸਾਈ ਭਾਈਚਾਰੇ ਦੀ ਸੰਗਤ ਵਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਇਸ ਦੌਰਾਨ ਰਾਸ਼ਟਰੀ ਭਗਵਾਂ ਸੈਨਾ ਸੰਗਠਨ ਦੇ ਰਾਸ਼ਟਰੀ ਚੇਅਰਮੈਨ ਸੰਤੋਖ ਸਿੰਘ ਗਿੱਲ ਅਤੇ ਪਾਸਟਰ ਜਗਜੀਤ ਸਿੰਘ ਨੇ ਸਾਂਝੇ ਤੌਰ ਉੱਤੇ ਕਿਹਾ ਕਿ ਅੱਜ ਪਾਰਟੀ ਵਰਕਰਾਂ ਅਤੇ ਇਸਾਈ ਭਾਈਚਾਰੇ ਦੀਆਂ ਸੰਗਤਾਂ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕੈਂਡਲ ਮਾਰਚ ਕੱਢਿਆ ਗਿਆ ਹੈ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਜਵਾਨਾਂ ਨੇ ਦੇਸ਼ ਲਈ ਹਮੇਸ਼ਾ ਅੱਗੇ ਵੱਧ ਕੇ ਕੁਰਬਾਨੀਆਂ ਦਿੱਤੀਆਂ ਹਨ। ਇਸ ਲਈ ਪੂਰੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਆਪਣੇ ਫੌਜ ਦੇ ਜਵਾਨਾਂ ਲਈ ਅਥਾਹ ਪਿਆਰ ਅਤੇ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਅੱਜ ਜੇਕਰ ਅਸੀਂ ਆਪਣੇ ਘਰਾਂ ਵਿੱਚ ਆਰਮਦਾਇਕ ਤਰੀਕੇ ਨਾਲ ਰਹਿ ਰਹੇ ਹਾਂ ਤਾਂ ਉਹ ਸਿਰਫ ਤੇ ਸਿਰਫ ਭਾਰਤੀ ਸੈਨਾ ਦੇ ਬਹਾਦੁਰ ਜਵਾਨਾਂ ਸਦਕਾ ਰਹਿ ਰਹੇ ਹਾਂ।
ਇਹ ਵੀ ਪੜ੍ਹੋ : Morinda Beadbi Case: ਬੇਅਦਬੀ ਦੇ ਮੁਲਜ਼ਮ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਲਿਜਾਣ ਤੋਂ ਐਂਬੂਲੈਂਸ ਡਰਾਈਵਰਾਂ ਨੇ ਕੀਤਾ ਇਨਕਾਰ
ਉਨ੍ਹਾਂ ਕਿਹਾ ਕਿ ਗੁਵਾਂਢੀ ਮੁਲਕ ਪਾਕਿਸਤਾਨ ਨੇ ਹਮੇਸ਼ਾ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਅੱਤਵਾਦ ਦਾ ਸਹਾਰਾ ਲਿਆ ਹੈ, ਜਿਸਦਾ ਸਾਡੇ ਦੇਸ਼ ਦੇ ਜਵਾਨਾਂ ਵਲੋਂ ਹਮੇਸ਼ਾ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ 140 ਕਰੋੜ ਵਾਸੀਆਂ ਵਲੋਂ ਉਹ ਆਪਣੇ ਦੇਸ਼ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦੇ ਹਨ ਅਤੇ ਪ੍ਰਮਾਤਮਾ ਮੂਹਰੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਦੇਸ਼ ਦੀ ਰੱਖਿਆ ਕਰ ਰਹੇ ਸਮੂਹ ਜਵਾਨਾਂ ਤੇ ਮਿਹਰ ਭਰਿਆ ਹੱਥ ਰੱਖਣ।