ਅੰਮ੍ਰਿਤਸਰ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਥੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ। ਉੱਥੇ ਹੀ, ਇਸ ਮਾਰਚ ਮਹੀਨੇ ਵਿੱਚ ਕਈ ਫਿਲਮੀ ਸਿਤਾਰੇ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆ ਰਹੇ ਹਨ। ਆਪਣੀਆਂ ਫ਼ਿਲਮਾਂ ਦੀ ਕਾਮਯਾਬੀ ਦੀ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਕਰ ਰਹੇ ਹਨ। ਇਸ ਲੜੀ ਤਹਿਤ ਅਦਾਕਾਰ ਸੋਨੂੰ ਸੂਦ ਅਤੇ ਅਦਾਕਾਰਾ ਜੈਕਲਿਨ ਫ਼ਰਨਾਡਿਜ਼ ਨੇ ਵੀ ਅੰਮ੍ਰਿਤਸਰ ਵਿੱਚ ਹਾਜ਼ਰੀ ਲਗਵਾਈ।
ਫੈਨਸ ਦੀ ਲੱਗੀ ਭੀੜ: ਸ਼ਨੀਵਾਰ ਨੂੰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਜੈਕਲਿਨ ਫ਼ਰਨਾਡਿਜ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਜਿੱਥੇ ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ, ਉੱਥੇ ਹੀ ਉਨ੍ਹਾਂ ਦੇ ਫੈਨਸ ਵੱਡੀ ਗਿਣਤੀ ਵਿੱਚ ਸੋਨੂੰ ਸੂਦ ਦੀ ਝਲਕ ਪਾਉਣ ਉੱਥੇ ਦਿਖਾਈ ਦਿੱਤੇ।
ਨਵੀਂ ਫਿਲਮ 'ਫ਼ਤਿਹ' ਲਈ ਅਰਦਾਸ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਆ ਰਹੀ ਹੈ ਜਿਸ ਦਾ ਨਾਮ 'ਫਤਿਹ' ਹੈ ਅਤੇ ਆਪਣੀ ਫਿਲਮ ਦੀ ਫ਼ਤਹਿਯਾਬੀ ਲਈ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚ ਹਨ। ਉਨ੍ਹਾਂ ਦੀ ਇਹ ਫਿਲਮ ਪੰਜਾਬ ਦੇ ਹਾਲਾਤਾਂ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਇਸ ਸਮੇਂ ਜੋ ਪੰਜਾਬ ਦੇ ਹਲਾਤ ਬਣੇ ਹੋਏ ਹਨ ਅਸੀਂ ਉਸ ਲਈ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਕੀਤੀ ਹੈ ਕਿ ਉਹ ਵੀ ਜਲਦ ਠੀਕ ਹੋਣ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੀ ਫ਼ਿਲਮ 'ਫਤਹਿ' ਵੀ ਉਨ੍ਹਾਂ ਦੇ ਫ਼ੈਨਸ ਨੂੰ ਪਸੰਦ ਆਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਸੋਨੂੰ ਸੂਦ ਹਮੇਸ਼ਾ ਜ਼ਰੂਰਤਮੰਦ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸੀ ਅਤੇ ਰਹੇਗਾ।
ਪੰਜਾਬ ਵਿੱਚ ਹੋ ਰਹੀ ਇਸ ਫ਼ਿਲਮ ਦੀ ਸ਼ੂਟਿੰਗ: ਸ੍ਰੀ ਅੰਮ੍ਰਿਤਸਰ ਸਾਹਿਬ ਨੇੜ੍ਹਲੇ ਹਿੱਸਿਆਂ ਵਿੱਚ ਸ਼ੂਟ ਹੋਈ ਇਸ ਫ਼ਿਲਮ ਨੂੰ ਵੈਭਵ ਮਿਸ਼ਰਾ ਨਿਰਦੇਸ਼ਿਤ ਕਰ ਰਹੇ ਹਨ। ਫਿਲਮ ਦੇ ਨਿਰਮਾਤਾ ਸੋਨਾਲੀ ਸੂਦ ਹਨ। ਫ਼ਿਲਮ 'ਫਤਿਹ' ਦੇ ਸ਼ੂਟ ਵਿਚ ਹਿੱਸਾ ਲੈਣ ਲਈ ਸੋਨੂੰ ਸੂਦ ਅਤੇ ਜੈਕਲਿਨ ਫ਼ਰਨਾਡਿਜ਼ ਫ਼ਿਲਮ ਦੀ ਟੀਮ ਨਾਲ ਕਾਫੀ ਸਮੇਂ ਤੋਂ ਪੰਜਾਬ ਵਿੱਚ ਹਨ। ਭਾਰਤੀ ਅਤੇ ਪੰਜਾਬੀ ਰੰਗਾਂ ਨਾਲ ਭਰੀ ਇਸ ਡਰਾਮੈਟਿਕ ਫ਼ਿਲਮ ਦਾ ਐਕਸ਼ਨ ਵੀ ਖਾਸ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਇਸ ਨੂੰ ਵਿਲੱਖਣਤਾ ਦੇਣ ਲਈ ਬਾਲੀਵੁੱਡ ਅਤੇ ਸਾਊਥ ਦੇ ਵੱਡੇ ਸਟੰਟ ਕੋਆਰਡੀਨੇਸ਼ਨ ਦੀਆਂ ਸੇਵਾਵਾਂ ਲਈਆਂ ਗਈਆਂ ਹਨ।
ਇਸ ਤੋਂ ਇਲਾਵਾ, ਫ਼ਿਲਮ ਨੂੰ ਪੰਜਾਬੀਅਤ ਰੰਗ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਫ਼ਿਲਮ ਦਾ ਕੁਝ ਹਿੱਸਾ ਅਸਲ ਪੰਜਾਬ ਦੀ ਨਜ਼ਰਸਾਨੀ ਕਰਦੀਆਂ ਲੋਕੇਸ਼ਨਾਂ ਤੇ ਹਰਿਆਲੀ ਭਰਪੂਰ ਖੇਤਾਂ, ਬੰਨ੍ਹਿਆਂ ਅਤੇ ਟਿੱਬਿਆਂ ਵਿੱਚ ਵੀ ਸ਼ੂਟ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Wanted Poster Amritpal Singh: ਨੇਪਾਲ ਬਾਰਡਰ 'ਤੇ ਲੱਗੇ ਅੰਮ੍ਰਿਤਪਾਲ ਸਿੰਘ ਦੇ ਵਾਂਟੇਡ ਪੋਸਟਰ