ਅੰਮ੍ਰਿਤਸਰ: ਰਣਜੀਤ ਐਵੀਨਿਉ ਦੇ ਰੈਸਟੋਰੈਟ ਵਿੱਚ ਜਾ ਰਹੀ ਕੁੜੀ ਨਾਲ ਛੇੜਛਾੜ ਕਰ ਉਸ ਨੂੰ ਅਗਵਾ ਕਰਨ ਵਾਲਾ ਕੈਬ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਰਣਜੀਤ ਐਵੀਨਿਉ ਦੇ ਥਾਣਾ ਇੰਚਾਰਜ ਐਸ.ਆਈ ਰੌਬਿਨ ਹੰਸ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਦੋਸ਼ੀ ਦੀ ਭਾਲ ਕਰ ਰਹੇ ਸੀ ਤੇ ਦੋਸ਼ੀ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਿਹਾ ਸੀ। ਅੱਜ ਪੁਲਿਸ ਨੇ ਸੂਚਨਾ ਦੇ ਆਧਾਰ ਉੱਤੇ ਥਾਣਾ ਰਣਜੀਤ ਐਵੀਨਿਊ ਇੰਚਾਰਜ ਐਸ.ਆਈ ਰੋਬਿਨ ਹੰਸ ਨੇ ਪੁਲਿਸ ਪਾਰਟੀ ਦੇ ਨਾਲ ਦੋਸ਼ੀ ਨੂੰ ਉਸ ਦੇ ਰਿਸ਼ਤੇਦਾਰ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ ਹੈ। ਦੋਸ਼ੀ ਨੂੰ ਅਦਾਲਤ ਦੇ ਨਿਰਦੇਸ਼ਾਂ ਉੱਤੇ ਜਾਂਚ ਲਈ ਪੁਲਿਸ ਰਿਮਾਂਡ ਉੱਤੇ ਲੈ ਕੇ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੀੜਤ ਕੁੜੀ ਆਪਣੀ ਮਾਂ ਅਤੇ ਭੈਣ ਨਾਲ ਕੈਬ ਵਿੱਚ ਸਵਾਰ ਸੀ ਅਤੇ ਛੇੜਛਾੜ ਦਾ ਵਿਰੋਧ ਕਰਨ ਉੱਤੇ ਦੋਸ਼ੀ ਉਨ੍ਹਾਂ ਨੂੰ ਅਗਵਾ ਕਰਨ ਦੀ ਫਿਰਾਕ ਵਿੱਚ ਸੀ ਜਿਸ ਤੋਂ ਬਾਅਦ ਉਨ੍ਹਾਂ ਦੋਨਾਂ ਭੈਣਾਂ ਨੇ ਕਾਰ ਵਿੱਚੋਂ ਛਲਾਂਗ ਮਾਰ ਕੇ ਆਪਣੀ ਜਾਨ ਬਚਾਈ ਸੀ ਅਤੇ ਮਾਂ ਨੇ ਕਿਸੇ ਤਰ੍ਹਾਂ ਡਰਾਈਵਰ ਨਾਲ ਹੱਥੋਪਾਈ ਕੀਤੀ ਸੀ ਜਿਸ ਤੋਂ ਬਾਅਦ ਉਸ ਨੇ ਵੀ ਕਾਰ ਵਿੱਚੋਂ ਛਲਾਂਗ ਮਾਰ ਦਿੱਤੀ।