ਅੰਮ੍ਰਿਤਸਰ: ਪੰਜਾਬ ਵਿੱਚ ਮਾਨਸੂਨ ਦੀਆਂ ਬਰਸਾਤਾਂ ਨੇ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਹਨ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਇਸੇ ਤਹਿਤ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਘੋਨੇਵਾਲ ਦੇ 150 ਦੇ ਕਰੀਬ ਵਾਸੀ ਰਾਵੀ ਦਰਿਆ ਤੋਂ ਪਾਰ ਆਪਣੇ ਖੇਤਾਂ ਵਿੱਚ ਕੰਮ ਕਰਨ ਗਏ ਸਨ, ਪਰ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਉੱਥੇ ਹੀ ਫਸ ਗਏ। ਜਿਹਨਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਫੌਜ ਦੀ ਮਦਦ ਨਾਲ ਕੁੱਝ ਹੀ ਘੰਟਿਆਂ ਬਾਅਦ ਸੁਰੱਖਿਅਤ ਵਾਪਸ ਕੱਢ ਲਿਆ ਗਿਆ ਹੈ।
ਕੈਬਨਿਟ ਮੰਤਰੀ ਵੱਲੋਂ ਵਿਸ਼ੇਸ਼ ਅਪੀਲ: ਇਸ ਮੌਕੇ ਫੌਜ ਦੀ ਸਹਾਇਤਾ ਨਾਲ ਚੱਲ ਰਹੇ ਅਪਰੇਸ਼ਨ ਦੀ ਅਗਵਾਈ ਕਰਨ ਪੁੱਜੇ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਵੀ ਦਰਿਆ ਤੋਂ ਪਾਰ ਅਜੇ ਨਾ ਜਾਣ, ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ।ਧਾਲੀਵਾਲ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਪੰਜਾਬ ਸਰਕਾਰ ਇਸ ਮੌਕੇ ਰਾਜ ਦੇ ਸੰਕਟ ਨਾਲ ਨਜਿੱਠਣ ਲਈ ਸਰਗਰਮ ਹੈ, ਪਰ ਇਹ ਸੰਕਟ ਤੁਹਾਡੇ ਸਾਰਿਆਂ ਦੇ ਸਾਥ ਬਿਨ੍ਹਾਂ ਹੱਲ ਨਹੀਂ ਹੋਣਾ।
ਮੰਤਰੀ ਨੇ ਖ਼ਬਰ ਮਿਲਦੇ ਹੀ ਪੀੜਤਾਂ ਦੀ ਕੀਤੀ ਸਹਾਇਤਾ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਤੁਸੀਂ ਜਿੱਥੇ ਆਪਣੀ ਜਾਨ-ਮਾਲ ਦੀ ਰੱਖਿਆ ਕਰੋ, ਉੱਥੇ ਦਰਿਆ ਦੇ ਬੰਨ੍ਹ ਉੱਤੇ ਵੀ ਨਿਗਾਹ ਰੱਖੋ, ਤਾਂ ਜੋ ਕਿਧਰੇ ਕੋਈ ਸੰਕਟ ਨਾ ਆਵੇ। ਉਹਨਾਂ ਕਿਹਾ ਕਿ ਸ਼ਾਮ ਢੱਲਦੇ ਹੀ ਸਾਨੂੰ ਖ਼ਬਰ ਮਿਲੀ ਤਾਂ ਅਸੀ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਫੌਜ ਨਾਲ ਸੰਪਰਕ ਕੀਤਾ। ਫੌਜ ਨੇ ਤੁਰੰਤ ਹਰਕਤ ਵਿੱਚ ਆਉਂਦੇ ਆਪਣੇ ਜਵਾਨਾਂ ਨੂੰ ਚਾਰ ਕਿਸ਼ਤੀਆਂ ਨਾਲ ਮੌਕੇ ਉੱਤੇ ਭੇਜਿਆ, ਜਿੰਨਾ ਨੇ ਇਹ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਹਨਾਂ ਕਿਹਾ ਕਿ ਦੇਰ ਰਾਤ ਤੱਕ 150 ਦੇ ਕਰੀਬ ਵਿਅਕਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ।
ਪੀੜਤਾਂ ਨੇ ਮੰਤਰੀ ਦਾ ਧੰਨਵਾਦ ਕੀਤਾ: ਇਸ ਮੌਕੇ ਹੜ੍ਹ ਦੇ ਪਾਣੀ ਵਿੱਚੋਂ ਕੱਢੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਖੇਤਾਂ ਵਿੱਚ ਆਪਣੇ ਕੰਮਾਂ ਲਈ ਗਏ ਸਨ। ਉਸ ਵੇਲੇ ਪਾਣੀ ਆਮ ਦੀ ਤਰ੍ਹਾਂ ਸੀ, ਪਰ ਸ਼ਾਮ ਜਦੋਂ ਘਰਾਂ ਨੂੰ ਵਾਪਸ ਆਉਣ ਦਾ ਸਮਾਂ ਹੋਇਆ ਤਾਂ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਉੱਥੋਂ ਨਿਕਲਣਾ ਮੁਸ਼ਕਿਲ ਹੋਣ ਕਾਰਨ ਅਸੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ, ਜੋ ਕਿ ਕੁੱਝ ਹੀ ਮਿੰਟਾਂ ਵਿੱਚ ਆਪਣੇ ਅਮਲੇ ਨਾਲ ਆ ਪੁੱਜੇ। ਉਨ੍ਹਾਂ ਕਿਹਾ ਕਿ ਅੱਜ ਇਸ ਮਦਦ ਸਦਕਾ ਅਸੀਂ ਵੱਡੇ ਸੰਕਟ ਵਿੱਚੋਂ ਮਹਿਫ਼ੂਜ਼ ਨਿਕਲੇ ਹਾਂ।