ਅੱਜ ਦਾ ਮੁੱਖਵਾਕ
ਵਿਆਖਿਆ -
ਰਾਜ ਕਾਕੜਾ ਪਿੰਡ ਮਹਲਾ ਤੀਜਾ ਘਰੁ ਪਹਿਲਾ॥ੴ ਸਤਿਗੁਰ ਪ੍ਰਸਾਦਿ॥
ਮੇਰੀ ਸੋਹਣੀ ਜਿੰਦੇ, ਸਦਾ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ, ਪ੍ਰਮਾਤਮਾ ਦਾ ਕੀਮਤੀ ਨਾਮ ਗੁਰੂ ਦੀ ਰਾਹੀਂ ਹੀ ਮਿਲਦਾ ਹੈ। ਜਿਹੜਾ ਮਨ ਪ੍ਰਮਾਤਮਾ ਦੇ ਨਾਮ ਰਸ ਵਿੱਚ ਬੱਝ ਜਾਂਦਾ ਜਾਂ ਲੀਨ ਹੋ ਜਾਂਦਾ ਹੈ, ਉਹ ਮਨ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ। ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ 'ਚ ਡੁੱਬਕੀ ਲਾਈ ਰੱਖਦਾ ਹੈ। ਮੇਰੀ ਸੋਹਣੀਏ ਜਿੰਦੇ, ਗੁਰੂ ਦੀ ਮਤਿ ਉੱਤੇ ਤੁਰ ਕੇ ਇਸ ਮਨ ਨੂੰ ਪ੍ਰਭੂ ਚਰਨਾਂ ਵਿੱਚ ਟਿਕਾਉਣਾ ਚਾਹੀਦਾ ਹੈ। ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ ਕਿਸੇ ਹੋਰ ਪਾਸੇ ਨਹੀਂ ਡੋਲਦਾ।
ਹੇ ਨਾਨਕ, ਜਿਹੜਾ ਮਨੁੱਖ ਗੁਰਮਤਿ ਉੱਤੇ ਚੱਲ ਕੇ ਪਤ ਦੇ ਗੁਣਾਂ ਵਾਲੀ ਬਾਣੀ ਦਾ ਉਚਾਰਣ ਕਰਦਾ ਹੈ। ਉਹ ਮਨ ਇੱਛਤ ਫਲ ਪਾ ਲੈਂਦਾ ਹੈ।੧। ਹੇ ਮੇਰੀ ਸੋਹਣੀਏ ਜਿੰਦੇ, ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ। ਉਹ ਮਨੁੱਖ ਆਪਣੇ ਮੂੰਹ ਨਾਲ ਆਤਮਿਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ। ਹੇ ਜਿੰਦੇ, ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ। ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ, ਬਿਲਕੁਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਜਿਹੜਾ ਬਾਣੀ ਸਰਵਣ ਕਰਦਾ ਹੈ, ਉਸ ਨੂੰ ਚਿਰ ਦਾ ਵਿਛੁੜਿਆ ਹੋਇਆ ਪ੍ਰਮਾਤਮਾ ਉਸ ਨੂੰ ਆਣ ਮਿਲਦਾ ਹੈ। ਆਤਮਿਕ ਅਡੋਲਤਾ ਅਤੇ ਪ੍ਰੇਮ ਦੇ ਕਾਰਨ ਉਸ ਦੇ ਗਲੇ ਆ ਲੱਗਦਾ ਹੈ।
ਦਾਸ ਨਾਨਕ ਕਹਿ ਰਹੇ ਨੇ ਕਿ ਉਸ ਮਨੁੱਖ ਦੇ ਮਨ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ, ਜੋ ਆਪਣੇ ਅੰਦਰ ਇਕਰਸ ਸਿਫ਼ਤਿ ਸਾਲਾਹਿ ਦੀ ਬਾਣੀ ਦਾ ਮੰਨੋ, ਵਾਜਾ ਵਜਾਉਂਦਾ ਰਹਿੰਦਾ ਹੈ।੨। ਹੇ ਮੇਰੀ ਸੋਹਣੀਏ ਜਿੰਦੇ, ਮੇਰੀ ਸਖੀ ਸਹੇਲੀ, ਜੋ ਕੋਈ ਧਿਰ ਮੇਰਾ ਹਰਿ ਪ੍ਰਭੂ ਲਿਆ ਕੇ, ਮੈਨੂੰ ਮਿਲਾ ਦੇਵੇ, ਜੇ ਕੋਈ ਮੈਨੂੰ ਪ੍ਰਮਾਤਮਾ ਦੀ ਸਿਫ਼ਤਿ ਸਾਲਾਹਿ ਦੀਆਂ ਗੱਲਾਂ ਸੁਣਾਵੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂਗਾ।
ਹੇ ਮੇਰੀ ਸੋਹਣੀ ਜਿੰਦ, ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵੀ ਕੋਈ ਸਿਮਰਦਾ ਹੈ ਉਹ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਨਾਨਕ ਆਖਦੇ ਨੇ ਕਿ ਪ੍ਰਮਾਤਮਾ ਦੀ ਸ਼ਰਣ ਪੈਣ ਵਾਲਾ, ਵੱਡੇ ਭਾਗਾਂ ਵਾਲਾ ਮਨੁੱਖ ਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ।੩। ਹੇ ਪ੍ਰਭੂ, ਕਿਰਪਾ ਕਰ ਕੇ ਮੈਨੂੰ ਆ ਮਿਲ। ਹੇ ਜਿੰਦੇ, ਗੁਰੂ ਦੀ ਮਤਿ ਉੱਤੇ ਚੱਲ ਕੇ ਹੀ ਹਰਿ ਦਾ ਨਾਮ ਹਿਰਦੇ ਵਿੱਚ ਚਮਕਦਾ ਹੈ। ਹੋ ਮੇਰੀ ਸੋਹਣੀ ਜਿੰਦੇ, ਮੈਂ ਪ੍ਰਮਾਤਮਾ ਤੋਂ ਬਿਨਾਂ ਕੁਮਲਾਈ ਰਹਿੰਦੀ ਹਾਂ। ਜਿਵੇਂ ਪਾਣੀ ਤੋਂ ਬਿਨਾਂ ਕੌਲ ਫੁੱਲ ਕੁਮਲਾਇਆ ਰਹਿੰਦਾ ਹੈ।
ਨਾਨਕ ਆਖਦਾ ਹੈ, ਜਿਸ ਨੂੰ ਪੂਰੇ ਗੁਰੂ ਨੇ ਸੱਜਣ ਹਰਿ ਨਾਲ ਮਿਲਾ ਦਿੱਤਾ। ਉਸ ਨੂੰ ਹਰਿ ਪ੍ਰਭ ਆਪਣੇ ਅੰਗ-ਸੰਗ ਵੱਸਦਾ ਦਿਖਾਈ ਦੇਣ ਲੱਗ ਪੈਂਦਾ ਹੈ। ਗੁਰੂ ਸਦਾ ਸਲਾਹੁਣਯੋਗ ਹੈ। ਗੁਰੂ ਨੇ ਜਿਸ ਦੀ ਦੱਸ ਪਾ ਦਿੱਤੀ, ਉਸ ਦਾ ਹਿਰਦੇ ਨਾਮ ਦੀ ਬਰਕਤ ਨਾਲ ਖਿੜ ਪੈਂਦਾ ਹੈ।੪।੧।
ਇਹ ਵੀ ਪੜ੍ਹੋ: Sub Committee of Akal Takht: ਅਜਨਾਲਾ ਘਟਨਾ ਤੋਂ ਬਾਅਦ ਜਥੇਦਾਰ ਨੇ ਲਿਆ ਇਹ ਵੱਡਾ ਐਕਸ਼ਨ