ਅੰਮ੍ਰਿਤਸਰ: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਤਿੰਨ ਦਿਨ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਇਸਦੀ ਸ਼ੁਰੂਆਤ ਪੰਜ ਹਜ਼ਾਰ ਸਹਿਜਪਾਠਾਂ ਦੇ ਭੋਗ ਨਾਲ ਹੋਈ। ਇਹ ਸਹਿਜਪਾਠ ਸੰਗਤਾਂ ਵੱਲੋਂ ਕੀਤੇ ਗਏ ਸਨ। ਇਸੇ ਦੌਰਾਨ ਬੀਤੇ ਕਰੀਬ ਇੱਕ ਮਹੀਨੇ ਤੋਂ ਚੱਲ ਰਹੇ ਗੁਰਬਾਣੀ ਪਾਠ ਬੋਧ ਸਮਾਗਮ ਦੀ ਵੀ ਅੱਜ ਸਮਾਪਤੀ ਕੀਤੀ ਗਈ।
ਇਸ ਸਬੰਧ ਵਿਚ ਵਿਸ਼ਾਲ ਪੰਡਾਲ ਅੰਦਰ ਸਜਾਏ ਗਏ ਗੁਰਮਤਿ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿੱਥੇ ਗੁਰਬਾਣੀ ਪਾਠ ਬੋਧ ਸਮਾਗਮ ਦੌਰਾਨ ਸੰਥਿਆ ਅਤੇ ਸੰਪੂਰਨ ਸਹਿਜਪਾਠ ਕਰਨ ਵਾਲੀਆਂ ਸੰਗਤਾਂ ਨੂੰ ਵਧਾਈ ਦਿੱਤੀ। ਉੱਥੇ ਹੀ ਨੌਵੇਂ ਪਾਤਸ਼ਾਹ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਦੀ ਸੰਗਤ ਨੂੰ ਪ੍ਰੇਰਣਾ ਕੀਤੀ।
ਇਹ ਵੀ ਪੜੋ: ਮੁੱਖਮੰਤਰੀ ਦੇ ਅਕਸ ਨੂੰ ਖਰਾਬ ਕਰਨ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਐਫ.ਆਈ.ਆਰ ਦਰਜ
ਇਸ-ਇਸ ਥਾਂ ’ਤੇ ਕੀਤੇ ਜਾਣਗੇ ਸਮਾਗਮ
ਬੀਬੀ ਜਗੀਰ ਕੌਰ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦਾ 400 ਸਾਲਾਂ ਪ੍ਰਕਾਸ਼ ਗੁਰਪੁਰਬ 1 ਮਈ 2021 ਨੂੰ ਕੌਮਾਂਤਰੀ ਪੱਧਰ ਦੇ ਸਮਾਗਮ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ। ਜਿਸ ਤੋਂ ਪਹਿਲਾਂ ਪੂਰੇ ਦੇਸ਼ ਅੰਦਰ ਵੱਖ-ਵੱਖ ਸਮਾਗਮ ਸਜਾਏ ਜਾ ਰਹੇ ਹਨ। ਇਸੇ ਤਹਿਤ ਹੀ ਗੁਰੂ ਸਾਹਿਬ ਦੀ ਪਾਵਨ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਤਿੰਨ ਦਿਨ ਦੇ ਸਮਾਗਮ ਉਲੀਕੇ ਗਏ ਹਨ। ਇਨ੍ਹਾਂ ਸਮਾਗਮਾਂ ਵਿਚ 17 ਮਾਰਚ ਨੂੰ ਮਾਤਾ ਗੁਜਰੀ ਜੀ ਇਸਤਰੀ ਗੁਰਮਤਿ ਸਮਾਗਮ ਅਤੇ 18 ਮਾਰਚ ਨੂੰ ਮੁੱਖ ਸਮਾਗਮ ਹੋਵੇਗਾ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰਖਵਾਲੀ ਲਈ ਆਪਣੀ ਸ਼ਹਾਦਤ ਦਿੱਤੀ ਸੀ, ਜਿਸ ਨੇ ਦੇਸ਼ ਦੀ ਤਕਦੀਰ ਅਤੇ ਤਸਵੀਰ ਬਦਲਣ ਦੇ ਨਾਲ-ਨਾਲ ਪੂਰੇ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਕ੍ਰਾਂਤੀਕਾਰੀ ਸੰਦੇਸ਼ ਦਿੱਤਾ। ਇਸ ਲਈ ਸਾਡਾ ਸਭ ਦਾ ਫ਼ਰਜ਼ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਈਏ।