ਅੰਮ੍ਰਿਤਸਰ: ਸੂਬੇ 'ਚ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜੰਡਿਆਲਾ ਗੁਰੂ 'ਚ ਹਸਪਤਾਲ 'ਚ ਦਾਖਲ ਇੱਕ ਵਿਅਕਤੀ ਨੇ ਦਮ ਤੋੜ ਦਿੱਤਾ। ਬੀਤੇ ਸ਼ਨੀਵਾਰ ਨੂੰ ਇੱਥੋਂ ਦੇ ਵਸਨੀਕ ਕਾਰਜ ਸਿੰਘ ਕਾਰੀ, ਜੋ ਇਹ ਸ਼ਰਾਬ ਸਥਾਨਕ ਮੁਹੱਲਾ ਸ਼ੇਖੂਪੁਰਾ ਵਿੱਚੋਂ ਪੀ ਕੇ ਆਇਆ ਸੀ, ਦੀ ਅੱਜ ਸਵੇਰੇ ਚਾਰ ਵਜੇ ਗੁਰੂ ਨਾਨਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਨਸ਼ਿਆਂ 'ਤੇ ਨੱਥ ਪਾਉਣ ਦੀ ਮੰਗ ਕੀਤੀ ਹੈ।
ਪੰਜਾਬ 'ਚ ਬਟਾਲਾ, ਤਰਨਤਾਰਨ, ਜੰਡਿਆਲਾ ਗੁਰੂ ਤੇ ਨੇੜਲੇ ਪਿੰਡ ਮੁੱਛਲ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰ ਨੇ ਕੁੱਝ ਆਬਕਾਰੀ ਅਫ਼ਸਰ ਤੇ ਪੁਲਿਸ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਪੁਲਿਸ ਨੇ ਸਰਕਾਰ ਦੇ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।
ਬੇਸ਼ਕ ਪੁਲਿਸ ਨਸ਼ਾ ਤਸਕਰਾਂ ਨੂੰ ਫੜਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਇਸ ਮਾਮਲੇ 'ਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਈ ਦਿਖਾਈ ਦਿੱਤੀ। ਫਿਰ ਭਾਵੇਂ ਉਹ ਪੋਸਟਮਾਰਟਮ ਲਈ ਐਂਬੁਲੈਂਸ ਨਾ ਪਹੁੰਚਾਉਣਾ ਹੋਵੇ ਜਾ ਫਿਰ ਸਮੇਂ ਰਹਿੰਦੇ ਕਾਰਵਾਈ ਨਾ ਕਰਨਾ ਹੋਵੇ। ਦੋਵੇਂ ਪਾਸਿਉਂ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ੍ਹ ਖੁਲ੍ਹਦੀ ਨਜ਼ਰ ਆਈ।
ਇਨ੍ਹੀਂ ਮੌਤਾਂ ਤੋਂ ਬਾਅਦ ਪੁਲਿਸ ਨੂੰ ਛਾਪੇਮਾਰੀ ਦੌਰਾਨ ਕਈ ਥਾਵਾਂ ਤੋਂ ਨਜਾਇਜ਼ ਸ਼ਰਾਬ ਦੀ ਬਰਾਮਦਗੀ ਵੀ ਹੋਈ ਹੈ। ਇਸ ਮਾਮਲੇ 'ਤੇ ਵਿਰੋਧੀਆਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਪਣਿਆ ਦੇ ਨਿਸ਼ਾਨੇ 'ਤੇ ਵੀ ਨੇ। ਕਈ ਸਿਆਸੀ ਆਗੂਆਂ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੇ ਦੁੱਖ ਸਾਂਝੇ ਕੀਤੇ ਗਏ। ਕਈ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਜਗਾਉਣ ਲਈ ਧਰਨੇ ਵੀ ਦਿੱਤੇ ਜਾ ਰਹੇ ਨੇ। ਇਹ ਸਭ ਪੀੜਤ ਪਰਿਵਾਰਾਂ ਨੂੰ ਇਨਸਾਫ਼, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੜਕ 'ਤੇ ਉਤਰ ਰਹੇ ਨੇ।
ਪੰਜਾਬ ਦੀਆਂ ਰਗਾਂ 'ਚ ਇਹ ਜ਼ਹਿਰ ਸਿਆਸੀ ਜਮਾਤ ਪ੍ਰਸ਼ਾਸਨਿਕ ਅਧਿਕਾਰੀਆਂ ਪੁਲਿਸ ਤੇ ਅਪਰਾਧੀਆਂ ਦੀ ਮਿਲੀਭੁਗਤ ਨਾਲ ਵੀ ਵੱਧ ਰਿਹਾ ਹੈ। ਹੁਣ ਇੰਤਜ਼ਾਰ ਹੈ ਤੇ ਬੱਸ ਇਸ ਗਿਰੋਹ ਦੇ ਪਰਦਾਫਾਸ਼ ਹੋਣ ਦਾ ਤਾਂ ਜੋ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।