ਚੰਡੀਗੜ੍ਹ : ਜੀ-20 ਸੰਮੇਲਨ ਦੇ ਸਬੰਧ ਵਿਚ ਵੀਵੀਆਈਪੀਜ਼ ਅਤੇ ਵਿਦੇਸ਼ੀ ਡੈਲੀਗੇਟਾਂ ਦੀ ਆਵਾਜਾਈ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ ਨੂੰ ਨੋ-ਫਲਾਈ ਜ਼ੋਨ ਐਲਾਨਿਆ ਗਿਆ ਹੈ, ਪਰ ਇਹ ਨੋ-ਫਲਾਈ ਜ਼ੋਨ ਭਾਰਤ-ਵਿਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਲਈ ਨਹੀਂ, ਸਿਰਫ਼ ਡਰੋਨਾਂ ਲਈ ਹੈ ਅਤੇ ਮਾਨਵ ਰਹਿਤ ਜਹਾਜ਼ਾਂ ਲਈ ਵੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਹ ਹੁਕਮ 21 ਮਾਰਚ ਤੱਕ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਜੀ-20 ਕਾਨਫਰੰਸ ਤਹਿਤ ਅੰਮ੍ਰਿਤਸਰ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਅੰਮ੍ਰਿਤਸਰ ਵਿੱਚ 17 ਮਾਰਚ ਤੱਕ ਸਿੱਖਿਆ ਵਿਸ਼ਿਆਂ ’ਤੇ ਮੀਟਿੰਗਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਮਜ਼ਦੂਰ ਵਿਸ਼ਿਆਂ 'ਤੇ 19-20 ਮਾਰਚ ਨੂੰ ਮੀਟਿੰਗਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਦਾ ਦੌਰ ਅੰਮ੍ਰਿਤਸਰ ਦੇ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਡਰੋਨ ਅਤੇ ਮਾਨਵ ਰਹਿਤ ਜਹਾਜ਼ਾਂ ਦੀ ਉਡਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : G20 meeting in Amritsar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਮਾਮਲੇ ਵਿੱਚ ਸੀਐੱਮ ਮਾਨ ਦਾ ਵੱਡਾ ਬਿਆਨ
ਅੰਮ੍ਰਿਤਸਰ ਵਿਚ 20 ਦੇਸ਼ਾਂ ਦੇ ਨੁਮਾਇੰਦੇ : ਅੰਮ੍ਰਿਤਸਰ ਵਿਖੇ ਜੀ-20 ਵਿਸ਼ਵ ਦੇ 20 ਦੇਸ਼ਾਂ ਦਾ ਸਮੂਹ ਹੈ, ਜਿਸ ਵਿੱਚ ਜੀ-20 ਗਰੁੱਪ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੇ ਰਾਸ਼ਟਰ ਸ਼ਾਮਲ ਹਨ। G20 ਨੇ ਸ਼ੁਰੂ ਵਿੱਚ ਮੈਕਰੋ-ਆਰਥਿਕ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ, ਪਰ ਬਾਅਦ ਵਿੱਚ ਇਸ ਨੇ ਆਪਣੇ ਏਜੰਡੇ ਦਾ ਵਿਸਤਾਰ ਕੀਤਾ, ਜਿਸ ਵਿੱਚ ਹੋਰ ਗੱਲਾਂ ਦੇ ਨਾਲ, ਵਪਾਰ, ਜਲਵਾਯੂ ਤਬਦੀਲੀ, ਟਿਕਾਊ ਵਿਕਾਸ, ਸਿਹਤ, ਖੇਤੀਬਾੜੀ, ਊਰਜਾ, ਵਾਤਾਵਰਣ, ਜਲਵਾਯੂ ਤਬਦੀਲੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਸ਼ਾਮਲ ਹਨ।
ਇਹ ਵੀ ਪੜ੍ਹੋ : G20 Summit Amritsar: ਜੀ-20 ਸੰਮੇਲਨ ਨੂੰ ਲੈ ਕੇ ਸੈਰ ਸਪਾਟਾ ਵਿਭਾਗ ਵੱਲੋਂ ਸੂਫੀ ਫੈਸਟੀਵਲ ਦਾ ਆਗਾਜ਼
ਬੀਤੇ ਦਿਨੀਂ ਸੂਫੀ ਸੰਮੇਲਨ ਦਾ ਹੋਇਆ ਸੀ ਆਗਾਜ਼ : ਗੌਰਤਲਬ ਹੈ ਕਿ ਬੀਤੇ ਦਿਨੀਂ ਜੀ 20 ਸੰਮੇਲਨ ਨੂੰ ਲੈ ਕੇ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਸੂਫੀ ਸੰਮੇਲਨ ਦਾ ਆਗਾਜ਼ ਕੇਂਦਰੀ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਇਆ ਗਿਆ ਸੀ, ਜਿਥੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਅਤੇ ਕੈਬਨਿਟ ਮੰਤਰੀ ਹਰਭਜਨ ਈਟੀਓ ਉਚੇਚੇ ਤੌਰ ਉਤੇ ਪਹੁੰਚੇ ਸਨ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਈਟੀਓ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗਲ ਹੈ, ਜੋ ਅੰਮ੍ਰਿਤਸਰ ਗੁਰੂਨਗਰੀ ਵਿਚ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਸਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਿਸ ਵਿਚ ਆਉਂਦੇ ਦੋ ਦਿਨਾਂ ਵਿਚ ਕਈ ਵਿਸ਼ੇਸ਼ ਵਿਸ਼ਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਵਿਦੇਸ਼ੀ ਡੈਲੀਗੇਟਸ ਨੂੰ ਸਾਡੇ ਕਲਚਰ ਅਤੇ ਸਭਿਆਚਾਰ ਦੀ ਝਲਕ ਦਿਖਾਈ ਜਾ ਰਹੀ ਹੈ, ਜਿਸਦੇ ਚਲਦੇ ਅੱਜ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਇਕ ਸੂਫੀ ਫੈਸਟੀਵਲ ਕਰਵਾਇਆ ਗਿਆ ਹੈ।