ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਵਿੱਚ ਫਸੇ ਭਾਰਤੀ ਨਾਗਰਿਕ ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ਰਾਹੀਂ ਭਾਰਤ ਪਰਤਣਗੇ। ਪਾਕਿਸਤਾਨ ਵਿੱਚ 748 ਭਾਰਤੀ ਨਾਗਰਿਕ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ 250 ਭਾਰਤੀਆਂ ਦਾ ਪਹਿਲਾ ਜੱਥਾ ਅੱਜ ਅਟਾਰੀ-ਵਾਹਘਾ ਬਾਰਡਰ ਰਾਹੀਂ ਭਾਰਤ ਪਰਤੇਗਾ।
ਦੱਸ ਦਈਏ ਕਿ 25, 26 ਅਤੇ 27 ਜੂਨ ਨੂੰ 3 ਜੱਥਿਆਂ ਵਿੱਚ ਭਾਰਤ ਦੇ 748 ਨਾਗਰਿਕ ਭਾਰਤ ਵਾਪਿਸ ਆਉਣਗੇ। ਵੀਰਵਾਰ ਨੂੰ ਆਉਣ ਵਾਲੇ ਸਾਰੇ ਨਾਗਰਿਕ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਜੰਮੂ-ਕਸ਼ਮੀਰ ਸਰਕਾਰ ਵੱਲੋਂ 10 ਬੱਸਾ ਅਟਾਰੀ-ਵਾਹਘਾ ਬਾਰਡਰ ਭੇਜੀਆਂ ਗਈਆਂ ਹਨ, ਜੋ ਆਪਣੇ ਨਾਗਰਿਕਾਂ ਨੂੰ ਆਪਣੇ ਰਾਜ ਵਿੱਚ ਲੈ ਕੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਸ਼ਿਵਰਾਜ ਬੱਲ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਉਣ ਵਾਲੇ ਭਾਰਤੀ ਨਾਗਰਿਕਾਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਭੇਜ ਦਿੱਤਾ ਜਾਵੇਗਾ, ਜਿਥੇ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਰਾਜਾਂ ਦੇ ਨਾਗਰਿਕ ਘੱਟ ਗਿਣਤੀ ਵਿੱਚ ਹੋਣਗੇ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਹੀ ਕੁਆਰੰਟਾਈਨ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: 'ਇਕ ਪਰਿਵਾਰ ਨੇ ਸੱਤਾ ਦੇ ਲਾਲਚ 'ਚ ਐਮਰਜੈਂਸੀ ਲਾਗੂ ਕਰਕੇ ਰਾਤੋਂ ਰਾਤ ਦੇਸ਼ ਨੂੰ ਜੇਲ੍ਹ 'ਚ ਬਦਲ ਦਿੱਤਾ'
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਜੱਥੇ ਵੱਖ-ਵੱਖ ਰਾਜਾਂ ਦੇ ਨਾਗਰਿਕਾਂ ਦੇ ਆਧਾਰ 'ਤੇ ਹੀ ਬਣਾਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਰਾਜਾਂ ਤੱਕ ਭੇਜਣ ਵਿੱਚ ਆਸਾਨੀ ਹੋ ਸਕੇ। ਜੰਮੂ-ਕਸ਼ਮੀਰ ਦੇ ਨਾਲ-ਨਾਲ ਮਹਾਂਰਾਸ਼ਟਰ, ਗੁਜਰਾਤ, ਪੰਜਾਬ, ਹਰਿਆਣਾ ਆਦਿ ਰਾਜਾਂ ਦੇ ਨਾਗਰਿਕ ਵੀ ਇਸ ਵਿੱਚ ਸ਼ਾਮਿਲ ਹਨ।