ਅੰਮ੍ਰਿਤਸਰ: ਥਾਣਾ ਮਹਿਤਾ ਚੌਕ ਅਧੀਨ ਪੈਦੇ ਪਿੰਡ ਸੈਦੂਕੇ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਪਿੰਡ ਦੇ ਕੁੱਝ ਲੋਕਾਂ ਵੱਲੋ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਮਹਿਤਾ ਚੌਕ ਅਧੀਨ ਪੈਂਦੇ ਪਿੰਡ ਸੈਦੂਕੇ ਵਿਖੇ ਅੱਜ ਮੰਗਲਵਾਰ ਸਵੇਰੇ ਕਰੀਬ ਸਾਢੇ 8 ਵਜੇ ਦੇ ਪਿੰਡ ਦੇ ਕੁੱਝ ਵਿਅਕਤੀਆਂ ਵਿੱਚ ਝਗੜੇ ਦੌਰਾਨ ਨੌਜਵਾਨ ਜਸਪਾਲ ਸਿੰਘ ਪਾਲੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ: ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦਾ ਨਾਂ ਜਸਪਾਲ ਸਿੰਘ ਹੈ ਅਤੇ ਉਹ ਪੁਣੇ ਦੇ ਇੱਕ ਹੋਟਲ ਵਿੱਚ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਕੁੱਝ ਦਿਨ ਪਹਿਲਾ ਛੁੱਟੀ ਆਇਆ ਹੋਇਆ ਸੀ। ਪੀੜਿਤ ਪਰਿਵਾਰ ਨੇ ਦੱਸਿਆ ਕਿ ਮਸੀਤ ਨੇੜੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਦੇ ਝਗੜੇ ਦੌਰਾਨ ਦੋ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ ਅਤੇ ਗੋਲੀ ਚੱਲ ਗਈ, ਜੋ ਕਿ ਜਸਪਾਲ ਸਿੰਘ ਦੀ ਵੱਖੀ ਵਿੱਚ ਜਾ ਵੱਜੀ। ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਸ ਉਪਰੰਤ ਉਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਹੈ। ਜਸਪਾਲ ਦੋ ਭੈਣਾਂ ਦਾ ਇਕਲੌਤਾ ਭਰਾ ਅਤੇ ਮਾਪਿਆ ਦਾ ਕਮਾਊ ਪੁੱਤ ਸੀ।
ਵਿਦੇਸ਼ ਭੇਜਣ ਲਈ ਦਿੱਤੇ ਲੱਖਾਂ, ਜਿਸ ਕਾਰਨ ਹੋਇਆ ਝਗੜਾ: ਪਰਿਵਾਰ ਨੇ ਇਲਜ਼ਾਮ ਲਾਏ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਜਸਪਾਲ ਦੇ ਬਾਹਰ ਜਾਣ ਲਈ 20 ਲੱਖ ਰੁਪਏ ਦਿੱਤੇ ਸੀ, ਪਰ ਨਾ ਤੇ ਯੋਧੇ ਨੇ ਬਾਹਰ ਭੇਜਿਆ ਅਤੇ ਨਾ ਹੀ ਪੈਸੈ ਵਾਪਸ ਕਰ ਰਿਹਾ ਸੀ। ਜਦੋਂ ਵੀ ਪੈਸੈ ਮੰਗਦੇ ਸੀ, ਤਾਂ ਫ਼ੋਨ ਉੱਤੇ ਗੋਲ਼ੀ ਮਾਰਨ ਦੀ ਧਮਕੀ ਦਿੰਦਾ ਸੀ ਜਿਸ ਦੇ ਚਲਦੇ ਅੱਜ ਸਵੇਰੇ ਝਗੜਾ ਹੋਇਆ ਅਤੇ ਯੋਧੇ ਅਤੇ ਉਸ ਦੇ ਸਾਥੀਆਂ ਨੇ ਗੋਲ਼ੀ ਚਲਾ ਦਿੱਤੀ, ਜਿਹੜੀ ਜਸਪਾਲ ਨੂੰ ਲੱਗੀ ਤੇ ਜਸਪਾਲ ਸਿੰਘ ਦੀ ਮੌਤ ਹੋ ਗਈ। ਪਰਿਵਾਰ ਨੇ ਕਿਹਾ ਕਿ ਅਸੀ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜੀ: ਉੱਥੇ ਹੀ, ਪੁਲਿਸ ਅਧਿਕਾਰੀ ਡੀਐਸਪੀ ਕੁਲਦੀਪ ਸਿੰਘ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਪਿੰਡ ਸੈਦੂਕੇ ਵਿੱਚ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਅਤੇ ਇੱਕ ਜਸਪਾਲ ਸਿੰਘ ਨਾਂ ਦੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰਿਕ ਮੈਂਬਰ ਆਪਣੇ ਬਿਆਨ ਦਰਜ ਕਰਵਾਉਣਗੇ, ਤਾਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।