ਨਵੀਂ ਦਿੱਲੀ: ਸੁਤੰਤਰਤਾ ਦਿਵਸ 'ਤੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਖਿਡਾਰੀਆਂ ਦੀ ਪ੍ਰਸ਼ੰਸਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉਨ੍ਹਾਂ ਦੇ ਨਿਵਾਸ ’ਤੇ ਨਾਸ਼ਤੇ ਲਈ ਭਾਰਤ ਦੀ ਓਲੰਪਿਕ ਟੀਮ ਨਾਲ ਮੁਲਾਕਾਤ ਕੀਤੀ।
ਭਾਰਤੀ ਖਿਡਾਰੀਆਂ ਨੇ ਟੋਕੀਓ ਓਲੰਪਿਕਸ ਵਿੱਚ ਇੱਕ ਸੋਨੇ ਸਮੇਤ ਸੱਤ ਤਮਗੇ ਜਿੱਤੇ ਜੋ ਕਿ ਓਲੰਪਿਕ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਸੋਨੇ ਦਾ ਤਗਮਾ ਜਿੱਤਿਆ ਜੋ ਕਿ ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਤਮਗਾ ਹੈ।
ਮੋਦੀ ਨੇ ਨਾਸ਼ਤੇ ਦੌਰਾਨ ਚੋਪੜਾ ਅਤੇ ਪੀਵੀ ਸਿੰਧੂ ਨਾਲ ਵੀ ਗੱਲਬਾਤ ਕੀਤੀ। ਸਿੰਧੂ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਦੂਜੀ ਭਾਰਤੀ ਅਤੇ ਪਹਿਲੀ ਮਹਿਲਾ ਅਥਲੀਟ ਹੈ। ਉਹ ਰੀਓ ਓਲੰਪਿਕ 2016 ਵਿੱਚ ਜਿੱਤਿਆ ਸਿਲਵਰ ਮੈਡਲ ਵੀ ਆਪਣੇ ਨਾਲ ਲੈ ਕੇ ਆਈ ਸੀ
ਪ੍ਰਧਾਨ ਮੰਤਰੀ ਨੇ ਪੁਰਸ਼ ਹਾਕੀ ਟੀਮ ਨਾਲ ਵੀ ਗੱਲ ਕੀਤੀ ਜਿਸਨੇ 41 ਸਾਲਾਂ ਬਾਅਦ ਭਾਰਤ ਨੂੰ ਓਲੰਪਿਕ ਵਿੱਚ ਹਾਕੀ ਮੈਡਲ ਜਿੱਤਿਆ। ਟੀਮ ਨੇ ਸਾਰੇ ਖਿਡਾਰੀਆਂ ਦੇ ਦਸਤਖ਼ਤ ਕੀਤੇ ਹਾਕੀ ਸਟਿਕਸ ਪ੍ਰਧਾਨ ਮੰਤਰੀ ਨੂੰ ਭੇਟ ਕੀਤੇ। ਪ੍ਰਧਾਨ ਮੰਤਰੀ ਨੇ ਕੈਪਟਨ ਮਨਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਓਲੰਪਿਕਸ ਤੋਂ 2 ਮੈਡਲਾਂ ਨਾਲ ਵਾਪਸੀ ਕਰਨ ਵਾਲੀ ਕੁਸ਼ਤੀ ਟੀਮ ਨਾਲ ਵੀ ਗੱਲਬਾਤ ਕੀਤੀ। ਟੋਕੀਓ ਓਲੰਪਿਕ ਵਿੱਚ ਪਹਿਲਵਾਨ ਰਵੀ ਦਹੀਆ ਨੇ ਚਾਂਦੀ ਅਤੇ ਬਜਰੰਗ ਪੂਨੀਆ ਨੇ ਕਾਂਸੀ ਦਾ ਤਮਗਾ ਜਿੱਤਿਆ। ਅਨੁਸ਼ਾਸਨੀ ਕਾਰਨਾਂ ਕਰਕੇ ਮੁਅੱਤਲ ਕੀਤੇ ਗਏ ਪਹਿਲਵਾਨ ਵਿਨੇਸ਼ ਫੋਗਾਟ, ਸੀਮਾ ਬਿਸਲਾ, ਅੰਸ਼ੂ ਮਲਿਕ ਅਤੇ ਕੋਚ ਜਗਮੰਦਰ ਸਿੰਘ ਵੀ ਇਸ ਮੌਕੇ ਮੌਜੂਦ ਸਨ।
ਵੇਟਲਿਫਟਰ ਮੀਰਾਬਾਈ ਚਾਨੂ ਨੇ ਪਹਿਲੇ ਹੀ ਦਿਨ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਮਹਿਲਾ ਹਾਕੀ ਟੀਮ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਓਲੰਪਿਕ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ।