ਨਵੀਂ ਦਿੱਲੀ : ਟੋਕੀਓ ਉਲੰਪਿਕ 'ਚ ਭਾਰਤੀ ਖਿਡਾਰੀ ਨੀਰਜ਼ ਚੋਪੜਾ ਵਲੋਂ ਇਤਿਹਾਸ ਸਿਰਜਦਿਆਂ ਸੋਨ ਤਗਮਾ ਹਾਸਲ ਕੀਤਾ ਹੈ। ਨੀਰਜ ਚੋਪੜਾ ਦੀ ਇਸ ਉਪਲਬਧੀ ਕਾਰਨ ਉਨ੍ਹਾਂ ਨੂੰ ਹਰ ਪਾਸਿਓ ਜਿਥੇ ਵਧਾਈ ਮਿਲ ਰਹੀ ਹੈ, ਉਥੇ ਹੀ ਕਈ ਇਨਾਮ ਵੀ ਹਾਸਲ ਹੋ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਅਥਲੈਟਿਕਸ ਸੰਘ (ਏ.ਐਫ.ਆਈ.) ਵਲੋਂ ਨੀਰਜ ਚੋਪੜਾ ਦੀ ਜਿੱਤ ਨੂੰ ਯਾਦਗਾਰ ਬਣਾਉਣ ਅਤੇ ਸਨਮਾਨ 'ਚ ਵਾਧਾ ਕਰਦਿਆਂ ਵੱਡਾ ਐਲਾਨ ਕੀਤਾ ਹੈ।
ਨੀਰਜ ਚੋਪੜਾ ਸਮੇਤ ਹੋਰ ਖਿਡਾਰੀਆਂ ਦੇ ਸਨਮਾਨ 'ਚ ਰੱਖੇ ਗਏ ਇੱਕ ਪ੍ਰੋਗਰਾਮ 'ਚ ਭਾਰਤੀ ਅਥਲੈਟਿਕਸ ਸੰਘ ਦੇ ਚੇਅਰਮੈਨ ਲਲਿਤ ਭਨੋਟ ਨੇ ਕਿਹਾ,'ਪੂਰੇ ਭਾਰਤ 'ਚ ਜੈਵਲਿਨ ਥ੍ਰੋਅ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਹਰ ਸਾਲ 7 ਅਗਸਤ ਨੂੰ ਕੌਮੀ ਜੈਵਲਿਨ ਥ੍ਰੋਅ ਦਿਵਸ ਦੇ ਰੂਪ 'ਚ ਮਨਾਵਾਂਗੇ ਅਤੇ ਅਗਲੇ ਸਾਲ ਤੋਂ ਸਾਡੀਆਂ ਮਾਨਤਾ ਪਰਾਪਤ ਇਕਾਈਆਂ ਇਸ ਦਿਨ ਆਪਣੇ ਸੂਬਿਆਂ 'ਚ ਜੈਵਲਿਨ ਥ੍ਰੋਮ ਦੇ ਟੂਰਨਾਮੈਂਟਾਂ ਦਾ ਆਯੋਜਨ ਕਰਨਗੀਆਂ।' ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅੰਤਰ ਜ਼ਿਲ੍ਹਾ ਮੁਕਾਬਲੇ ਹੋਣਗੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੁਕਾਬਲੇ 'ਚ ਵਿਸਥਾਰ ਕਰਕੇ ਇਸ ਨੂੰ ਕੌਮੀ ਮੁਕਾਬਲਾ ਬਣਾਵਾਂਗੇ।
ਉਥੇ ਹੀ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੇ ਦੱਸਿਆ, ‘ਨੈਸ਼ਨਲ ਖੇਡਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਨੈਸ਼ਨਲ ਕੈਂਪ ’ਚ ਲਿਜਾਇਆ ਗਿਆ ਤਾਂ ਉਸਦਾ ਬਹੁਤ ਫਾਇਦਾ ਮਿਲਿਆ, ਕਿਉਂਕਿ ਪਹਿਲਾਂ ਉਹ ਖ਼ੁਦ ਖਾਣਾ ਬਣਾਉਂਦੇ ਸੀ ਅਤੇ ਕੈਂਪ ’ਚ ਸਭ ਕੁਝ ਬਿਹਤਰ ਮਿਲਣ ਲੱਗਾ। ਉਸਤੋਂ ਬਾਅਦ ਸਭ ਕੁਝ ਬਦਲਦਾ ਚਲਾ ਗਿਆ। ਚੰਗੀਆਂ ਸੁਵਿਧਾਵਾਂ ਮਿਲੀਆਂ ਅਤੇ ਉਸਤੋਂ ਬਾਅਦ ਸਭ ਬਦਲ ਗਿਆ।’
ਦੱਸ ਦਈਏ ਕਿ ਭਾਰਤ ਨੂੰ ਪਿਛਲੇ ਲੰਬੇ ਸਮੇਂ ਤੋਂ ਅਥਲੈਟਿਕ ਈਵੈਂਟ 'ਚ ਸੋਨ ਤਗਮਾ ਹਾਸਲ ਨਹੀਂ ਹੋਇਆ ਸੀ। ਜਿਸ ਨੂੰ ਨੀਰਜ ਚੋਪੜਾ ਵਲੋਂ ਜਿੱਤ ਕੇ ਇਤਿਹਾਸ ਦਰਜ ਕੀਤਾ ਗਿਆ। ਨੀਰਜ ਚੋਪੜਾ ਵਲੋਂ 7 ਅਗਸਤ ਨੂੰ ਟੋਕੀਓ ਉਲੰਪਿਕ 'ਚ ਸੋਨ ਤਗਮਾ ਹਾਸਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ:National Crush ਬਣੇ ਨੀਰਜ ਚੋਪੜਾ, ਕੁੜੀਆ ਬੋਲ ਰਹੀਆਂ 'I Love You'