ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਕਹਿਰ ਮਚਾ ਰੱਖਿਆ ਹੈ। ਇਸ ਨੂੰ ਲੈ ਕੇ ਕਈ ਖੇਡ ਸਮਾਗਮ ਰੱਦ ਕੀਤੇ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸਾਲ ਦਾ ਤੀਜਾ ਗ੍ਰੈਂਡ ਸਲੈਮ ਟੂਰਨਾਮੈਂਟ ਵਿੰਬਲਡਨ ਰੱਦ ਕਰ ਦਿੱਤਾ ਗਿਆ ਹੈ। 134ਵਾਂ ਵਿੰਬਲਡਨ 29 ਜੂਨ ਤੋਂ ਸ਼ੁਰੂ ਹੋਣਾ ਸੀ। ਵੱਡੀ ਗੱਲ ਇਹ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਿੰਬਲਡਨ ਖੇਡਾਂ ਦਾ ਆਯੋਜਨ ਨਹੀਂ ਹੋਵੇਗਾ।
ਦੱਸ ਦਈਏ ਕਿ ਇਹ ਫੈਸਲਾ ਪਹਿਲਾਂ ਹੀ ਲਿਆ ਜਾ ਚੁੱਕਿਆ ਸੀ ਕਿ ਇਸ ਸਾਲ ਵਿੰਬਲਡਨ ਖੇਡਾਂ ਦਾ ਆਯੋਜਨ ਰੱਦ ਕਰ ਦਿੱਤਾ ਜਾਵੇਗਾ। ਇਸ ਸਬੰਧੀ ਤਾਜ਼ਾ ਫੈਸਲਾ ਇਹ ਲਿਆ ਗਿਆ ਹੈ ਕਿ 134ਵੀਂ ਵਿੰਬਲਡਨ ਖੇਡਾਂ ਅਗਲੇ ਸਾਲ 28 ਜੂਨ ਤੋਂ 11 ਜੁਲਾਈ ਵਿਚਕਾਰ ਹੋਣਗੀਆਂ। ਇਹ ਟੂਰਨਾਮੈਂਟ 2 ਜੂਨ ਤੋਂ 12 ਜੁਲਾਈ ਵਿਚਕਾਰ ਖੇਡਿਆ ਜਾਣਾ ਸੀ। ਬੁੱਧਵਾਰ ਨੂੰ ਵਿੰਬਲਡਨ ਦੇ ਬੋਰਡ ਦੀ ਬੈਠਕ ਹੋਈ ਅਤੇ ਉਸ 'ਚ ਇਸ ਸਾਲ ਗ੍ਰੈਂਡ ਸਲੈਮ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਬੋਰਡ ਵੱਲੋਂ ਜਾਰੀ ਬਿਆਨ ਅਨੁਸਾਰ ਮੌਜੂਦਾ ਹਾਲਤਾਂ 'ਚ ਇਹ ਸਮਾਗਮ ਸੰਭਵ ਨਹੀਂ ਸੀ।
ਇਹ ਵੀ ਪੜ੍ਹੋ: COVID-19 : ਲੰਕਾਸ਼ਾਇਰ ਦੇ ਕ੍ਰਿਕਟ ਕਲੱਬ ਦੇ ਚੇਅਰਮੈਨ ਡੇਵਿਡ ਹਾਜਕਿਸ ਦੀ ਮੌਤ
ਇਹ ਵੀ ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਮਈ ਵਿੱਚ ਹੋਣ ਵਾਲਾ ਫ਼ਰੈਂਚ ਓਪਨ ਵੀ ਸਤੰਬਰ 2020 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਸਾਲ ਸਭ ਤੋਂ ਵੱਡਾ ਖ਼ੇਡ ਸਮਾਗਮ ਟੋਕਿਓ ਉਲੰਪਿਕ ਵੀ ਕੋਰੋਨਾ ਵਾਇਰਸ ਕਰਕੇ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।