ਨਵੀਂ ਦਿੱਲੀ: ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਵਿਸ਼ਵ ਰੈਂਕਿੰਗ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਵਾਰ ਵਿਸ਼ਵ ਰੈਂਕਿੰਗ ਲਿਸਟ ਵਿੱਚ ਭਾਰਤ ਦੇ 6 ਭਲਵਾਨ ਸ਼ਾਮਲ ਹਨ।
ਇਸ ਲਿਸਟ ਵਿੱਚ ਭਾਰਤ ਦੇ ਦੀਪਕ ਪੂਨੀਆ ਨੂੰ ਨੰਬਰ ਇੱਕ ਰੈਂਕਿੰਗ ਤੇ ਬਜਰੰਗ ਪੂਨੀਆ ਤੇ ਰਾਹੁਲ ਅਵਾਰੇ ਤੋਂ ਇਲਾਵਾ ਵਿਨੇਸ਼ ਫੋਗਾਟ ਨੰਬਰ ਦੋ ਦੀ ਰੈਂਕਿੰਗ 'ਤੇ ਹਨ। ਇਸ ਤੋਂ ਇਲਾਵਾ ਸੀਮਾ ਤੇ ਮੰਜੂ ਤੀਜੇ ਸਥਾਨ 'ਤੇ ਰਹੀਆਂ ਹਨ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2019 ਵਿਚ 86 ਕਿਲੋਗ੍ਰਾਮ ਵਿਚ ਸਿਲਵਰ ਮੈਡਲ ਜਿੱਤਣ ਵਾਲੇ ਦੀਪਕ ਰੈਂਕਿੰਗ ਵਿਚ ਦੁਨੀਆ ਦੇ ਨੰਬਰ ਇਕ ਸਥਾਨ 'ਤੇ ਕਾਬਜ ਹੋਏ ਹਨ।
65 ਕਿਲੋਗ੍ਰਾਮ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਭਾਰਤ ਦੇ ਸਟਾਰ ਭਲਵਾਨ ਬਜਰੰਗ ਪੂਨੀਆ ਦੂਜੇ ਸਥਾਨ 'ਤੇ ਬਣੇ ਹੋਏ ਹਨ। ਬਜਰੰਗ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਸੈਮੀਫਾਈਨਲ ਮੁਕਾਬਲਾ ਵਿਵਾਦਤ ਰਿਹਾ ਸੀ ਜਿਸ ਨੂੰ ਲੈ ਕੇ ਭਾਰਤੀ ਕੁਸ਼ਤੀ ਮਹਾਸੰਘ ਨੇ ਵਿਰੋਧ ਦਰਜ ਕਰਵਾਇਆ ਸੀ ਤੇ ਯੂਡਬਲਯੂਡਬਲਯੂ ਨੇ ਮੰਨਿਆ ਸੀ ਕਿ ਫ਼ੈਸਲਾ ਦੇਣ ਵਿਚ ਗ਼ਲਤੀ ਹੋਈ ਹੈ।
ਉੱਥੇ ਹੀ ਪੂਨੀਆ ਨੇ 2019 ਵਿਚ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਤੇ ਸੀਨੀਅਰ ਵਿੱਚ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। 61 ਕਿਲੋਗ੍ਰਾਮ ਭਾਰ ਵਰਗ ਵਿੱਚ ਪਹਿਲੀ ਵਾਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਰਾਹੁਲ ਅਵਾਰੇ ਵੀ ਦੂਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਹੇ। ਰੈਂਕਿੰਗ ਲਿਸਟ ਵਿੱਚ ਚਾਰ ਮਹਿਲਾ ਭਲਵਾਨ ਵੀ ਸ਼ਾਮਲ ਹਨ। 50 ਕਿਲੋਗ੍ਰਾਮ ਵਿਚ ਸੀਮਾ ਨੂੰ ਤੀਜਾ ਸਥਾਨ ਮਿਲਿਆ ਹੈ ਤੇ 53 ਕਿਲੋਗ੍ਰਾਮ ਵਿਚ ਵਿਨੇਸ਼ ਫੋਗਾਟ ਨੂੰ ਦੂਜਾ ਸਥਾਨ ਮਿਲਿਆ ਹੈ। ਵਿਸ਼ਵ ਰੈਂਕਿੰਗ ਵਿਚ ਵਿਨੇਸ਼ ਪਹਿਲੀ ਵਾਰ ਸਰਬੋਤਮ ਰੈਂਕਿੰਗ 'ਤੇ ਪੁੱਜੀ ਹੈ। 59 ਕਿਲੋਗ੍ਰਾਮ ਵਿਚ ਮੰਜੂ ਨੂੰ ਤੀਜਾ ਤੇ ਇਸੇ ਵਰਗ ਵਿਚ ਪੂਜਾ ਢਾਂਡਾ ਨੂੰ ਪੰਜਵਾਂ ਸਥਾਨ ਮਿਲਿਆ ਹੈ।