ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਰਮਿਤਾ ਜਿੰਦਲ ਨੇ ISSF ਵਿਸ਼ਵ ਚੈਂਪੀਅਨਸ਼ਿਪ 2022 (ISSF World Championship 2022) ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਰਮਿਤਾ ਨੇ ਚੀਨ ਦੀ ਯਿੰਗ ਸ਼ੇਨ ਨੂੰ ਕਰੀਬੀ ਮੁਕਾਬਲੇ 'ਚ 16-12 ਨਾਲ ਹਰਾ ਕੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਜੂਨੀਅਰ ਮੁਕਾਬਲੇ 'ਚ ਵਿਸ਼ਵ ਚੈਂਪੀਅਨ ਦਾ ਖਿਤਾਬ ਆਪਣੇ ਨਾਂ ਕੀਤਾ।
ਮੁਕਾਬਲੇ ਦੇ ਸੱਤਵੇਂ ਦਿਨ ਦੀ ਖਾਸ ਗੱਲ ਰਮਿਤਾ ਦਾ ਭਾਰਤ ਲਈ ਸੋਨ ਤਮਗਾ ਅਤੇ ਔਰਤਾਂ ਦੇ 50 ਮੀਟਰ ਪਿਸਟਲ ਜੂਨੀਅਰ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨ ਸਨ। ਭਾਰਤ ਨੇ ਹੁਣ ਇਸ ਮੁਕਾਬਲੇ ਵਿੱਚ 25 ਤਗਮੇ ਜਿੱਤੇ ਹਨ ਜਿਸ ਵਿੱਚ 10 ਸੋਨ, ਪੰਜ ਚਾਂਦੀ ਅਤੇ 10 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਗਮਾ ਸੂਚੀ ਵਿੱਚ ਚੀਨ ਤੋਂ ਬਾਅਦ ਦੂਜੇ ਸਥਾਨ 'ਤੇ ਹੈ।
ਰਮਿਤਾ ਇਕ ਵਾਰ ਫਾਈਨਲ 'ਚ ਯਿੰਗ ਖਿਲਾਫ 12-12 ਨਾਲ ਬਰਾਬਰੀ 'ਤੇ ਸੀ ਪਰ ਇਸ ਤੋਂ ਬਾਅਦ ਉਸ ਨੇ 10.8 ਅਤੇ 10.7 ਦੇ ਸਕੋਰ ਨਾਲ ਖਿਤਾਬ ਜਿੱਤ ਲਿਆ। ਕੁਆਲੀਫਿਕੇਸ਼ਨ 'ਚ ਰਮਿਤਾ 629.6 ਅੰਕਾਂ ਨਾਲ ਚੌਥੇ ਸਥਾਨ 'ਤੇ ਰਹੀ ਪਰ ਰੈਂਕਿੰਗ ਰਾਊਂਡ 'ਚ ਉਸ ਨੇ 262.8 ਅੰਕ ਹਾਸਲ ਕੀਤੇ ਅਤੇ ਚੋਟੀ 'ਤੇ ਰਹਿ ਕੇ ਸੋਨ ਤਗਮੇ ਦੇ ਮੁਕਾਬਲੇ 'ਚ ਜਗ੍ਹਾ ਬਣਾਈ।
ਇਸ ਈਵੈਂਟ ਵਿੱਚ ਭਾਰਤ ਦੀ ਤਿਲੋਤਮਾ ਸੇਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਰੈਂਕਿੰਗ ਦੌਰ ਵਿੱਚ 261 ਅੰਕ ਬਣਾਏ। ਇਸ ਤੋਂ ਪਹਿਲਾਂ, ਉਹ 633.4 ਅੰਕ ਲੈ ਕੇ ਯੋਗਤਾ ਵਿੱਚ ਟਾਪ ਰਹੀ ਸੀ। ਇਸੇ ਈਵੈਂਟ ਵਿੱਚ ਯੁਕਤੀ ਰਾਜੇਂਦਰ 627.1 ਦੇ ਸਕੋਰ ਨਾਲ ਨੌਵੇਂ ਸਥਾਨ ’ਤੇ ਰਹੀ।
ਦਿਵੰਸ਼ੀ ਨੇ 50 ਮੀਟਰ ਪਿਸਟਲ 'ਚ ਵੀ ਸੋਨ ਤਮਗਾ ਜਿੱਤਿਆ ਔਰਤਾਂ ਦੇ 50 ਮੀਟਰ ਪਿਸਟਲ ਜੂਨੀਅਰ ਮੁਕਾਬਲੇ ਵਿੱਚ ਭਾਰਤੀ ਕੁੜੀਆਂ ਦਾ ਦਬਦਬਾ ਰਿਹਾ। ਦਿਵੰਸ਼ੀ ਨੇ 547 ਅੰਕ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਵਰਸ਼ਾ ਸਿੰਘ 539 ਅੰਕਾਂ ਨਾਲ ਦੂਜੇ ਜਦਕਿ ਟਿਆਨਾ 523 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਇਸ ਮੁਕਾਬਲੇ ਵਿੱਚ ਚੌਥਾ ਸਥਾਨ ਭਾਰਤ ਦੀ ਖੁਸ਼ੀ ਕਪੂਰ ਰਿਹਾ। ਉਸ ਨੇ 521 ਅੰਕ ਬਣਾਏ।
ਰਿਦਿਮ ਸਾਂਗਵਾਨ ਨੇ ਔਰਤਾਂ ਦੇ 25 ਮੀਟਰ ਸਟੈਂਡਰਡ ਪਿਸਟਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਅਭਿਨਵ ਚੌਧਰੀ ਨੇ ਪੁਰਸ਼ਾਂ ਦੇ 50 ਮੀਟਰ ਪਿਸਟਲ ਜੂਨੀਅਰ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਵਿਜੇ ਵੀਰ ਸਿੱਧੂ ਨੇ ਪੁਰਸ਼ਾਂ ਦੇ 25 ਮੀਟਰ ਸਟੈਂਡਰਡ ਪਿਸਟਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਇਹ ਵੀ ਪੜੋ:- T20 WORLD CUP: ਸ਼੍ਰੀਲੰਕਾ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ