ਨਵੀਂ ਦਿੱਲੀ: ਸ੍ਰੇਅਸੀ ਸਿੰਘ, ਰਾਜੇਸ਼ਵਰੀ ਕੁਮਾਰੀ ਅਤੇ ਮਨੀਸ਼ਾ ਕੀਰ ਦੀ ਭਾਰਤੀ ਤਿਕੜੀ ਨੇ ਐਤਵਾਰ ਨੂੰ ਇਥੇ ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਆਖ਼ਰੀ ਦਿਨ ਮਹਿਲਾ ਟ੍ਰੈਪ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਕਜਾਖਿਸਤਾਨ ਨੂੰ 6-0 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ।
ਸੋਨ ਤਮਗ਼ੇ ਦੇ ਮੈਚ ਵਿੱਚ ਮੇਜ਼ਬਾਨ ਦੇਸ਼ ਦੀਆਂ ਨਿਸ਼ਾਨੇਬਾਜ਼ਾਂ ਨੂੰ ਥੋੜ੍ਹੀ ਜਿਹੀ ਮਿਹਨਤ ਵੀ ਨਹੀਂ ਕਰਨੀ ਪਈ, ਉਨ੍ਹਾਂ ਨੇ ਕਜਾਖਿਸਤਾਨ ਦੀ ਸਾਰਸੇਂਕੁਲ ਰਿਸਬੇਕੋਵਾ, ਏਜਾਨ ਦੋਸਮਾਗਾਮਬੇਤੋਵਾ ਅਤੇ ਮਾਰੀਆ ਦਿਮਤ੍ਰਿਏਂਕੋ ਨੂੰ ਆਸਾਨੀ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਦੇ ਟੂਰਨਾਮੈਂਟ ਵਿੱਚ ਸੋਨ ਤਮਗਿਆਂ ਦੀ ਗਿਣਤੀ 14 ਹੋ ਗਈ।
ਫਾਈਨਲ ਵਿੱਚ ਤਜ਼ਰਬੇਕਾਰ ਸ੍ਰੇਅਸੀ ਅਤੇ ਮਨੀਸ਼ਾ ਦੇ ਕਾਫੀ ਘੱਟ ਸ਼ਾਟ ਨਿਸ਼ਾਨੇ ਤੋਂ ਖੁੰਝੇ ਅਤੇ ਉਨ੍ਹਾਂ ਦੀਆਂ ਵਿਰੋਧੀ ਉਨ੍ਹਾਂ ਸਾਹਮਣੇ ਬੋਣੀਆਂ ਸਾਬਤ ਹੋਈਆਂ।
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗ਼ਾ ਜੇਤੂ ਸ੍ਰੇਅਸੀ, ਰਾਜੇਸ਼ਵਰੀ ਅਤੇ ਮਨੀਸ਼ਾ ਨੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਕੁਆਲੀਫ਼ਿਕੇਸ਼ਨ ਰਾਊਂਡ ਵਿੱਚ 321 ਅੰਕ ਜੋੜੇ, ਜਦਕਿ ਕਜਾਖਿਸਤਾਨ ਦੀ ਟੀਮ ਨੇ ਕੁਲ 308 ਅੰਕ ਹਾਸਲ ਕੀਤੇ।
ਸ਼ਨੀਵਾਰ ਨੂੰ ਸ੍ਰੇਅਸੀ ਅਤੇ ਕੇਨਾਨ ਚੇਨਈ ਦੀ ਜੋੜੀ ਟ੍ਰੈਪ ਮਿਸ਼ਰਤ ਮੁਕਾਬਲੇਬਾਜ਼ੀ ਦੇ ਫਾਈਨਲ ਵਿੱਚ ਤਮਗਾ ਤੋਂ ਖੁੰਝ ਗਈਆਂ ਸਨ ਅਤੇ ਚੌਥੇ ਸਥਾਨ 'ਤੇ ਰਹੀਆਂ ਸਨ।