ਬਠਿੰਡਾ : ਦੱਖਣੀ ਕੋਰੀਆ ਵਿੱਚ ਹੋ ਰਹੀਆਂ ਏਸ਼ੀਅਨ ਖੇਡਾਂ ਨੂੰ ਲੈ ਕੇ ਬਠਿੰਡਾ ਦੇ ਪਿੰਡ ਲਾਲੇਆਣਾ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਜਸਬੀਰ ਸਿੰਘ ਨੇ ਕਿਸ਼ਤੀਬਾਜ਼ੀ ਦੀ ਖੇਡ ਵਿੱਚ ਸੋਨੇ ਦਾ ਤਮਗ਼ਾ ਹਾਸਲ ਕੀਤਾ ਹੈ। ਜਸਬੀਰ ਦੇ ਇਸ ਸੋਨ ਤਮਗ਼ੇ ਨੂੰ ਜਿੱਤਣ ਦੇ ਨਾਲ ਪੂਰੇ ਦੇਸ਼ ਦਾ ਨਾਂ ਰੌਸ਼ਨ ਹੋਇਆ ਹੈ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
ਅੱਜ ਬਠਿੰਡਾ ਪਹੁੰਚੇ ਜਸਵੀਰ ਸਿੰਘ ਦਾ ਉਸ ਦੇ ਸਾਥੀਆਂ ਅਤੇ ਪਰਿਵਾਰ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਖ਼ੁਸ਼ੀ ਜ਼ਾਹਿਰ ਕੀਤੀ ਗਈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਨੇ ਦੱਸਿਆ ਕਿ ਉਹ 2009 ਤੋਂ ਇਸ ਖੇਡ ਵਿੱਚ ਹਿੱਸਾ ਲੈ ਰਿਹਾ ਹੈ, ਉਹ ਆਪਣੇ ਸਕੂਲੀ ਸਮੇਂ ਤੋਂ ਹੀ ਜਦੋਂ ਉਹ 14 ਸਾਲ ਦਾ ਸੀ ਉਦੋਂ ਤੋਂ ਹੀ ਖੇਡ ਰਿਹਾ ਹੈ।
ਇਸ ਤੋਂ ਪਹਿਲਾਂ ਜਸਵੀਰ ਸਿੰਘ ਵੱਲੋਂ ਨੈਸ਼ਨਲ ਖੇਡਾਂ ਵਿੱਚ ਵੀ ਕਈ ਸੋਨ ਤਮਗ਼ੇ ਹਾਸਲ ਕੀਤੇ ਜਾ ਚੁੱਕੇ ਹਨ ਅਤੇ ਹੁਣ 25 ਸਾਲ ਦੀ ਉਮਰ ਵਿੱਚ ਇਸ ਨੌਜਵਾਨ ਨੇ ਦੱਖਣੀ ਕੋਰੀਆ ਵਿੱਚ ਹੋ ਰਹੀ ਏਸ਼ੀਅਨ ਖੇਡਾਂ ਵਿੱਚ ਕਿਸ਼ਤੀਬਾਜ਼ੀ ਦੀ ਗੇਮ ਨੂੰ ਲੈ ਕੇ ਸੋਨੇ ਦਾ ਤਮਗ਼ਾ ਹਾਸਲ ਕਰ ਕੇ ਪੂਰੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ।
ਜਸਵੀਰ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਪੂਰੇ ਪੰਜਾਬ ਅਤੇ ਦੇਸ਼ ਵਿੱਚ ਨੌਜਵਾਨ ਜੇਕਰ ਉਹ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਣ ਤਾਂ ਉਨ੍ਹਾਂ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਸਗੋਂ ਖੇਡਾਂ ਵੱਲ ਰੁਝਾਨ ਪਾਉਣਾ ਚਾਹੀਦਾ ਹੈ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਖੇਡਾਂ ਵੱਲ ਆ ਕੇ ਦੇਸ਼ ਦਾ ਨਾਂਅ ਰੋਸ਼ਨ ਕਰਨਾ ਚਾਹੀਦਾ ਹੈ ਅਤੇ ਨੌਕਰੀਆਂ ਉਨ੍ਹਾਂ ਨੂੰ ਆਪਣੇ-ਆਪ ਮਿਲਣ ਲੱਗ ਜਾਣਗੀਆਂ ।
ਇਸ ਮੌਕੇ ਸਵਾਗਤ ਦੇ ਲਈ ਪਹੁੰਚੇ ਜਸਵੀਰ ਸਿੰਘ ਦੇ ਪਿਤਾ ਭੋਲਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਦੇ ਹੋਣਹਾਰ ਪੁੱਤਰ ਨੇ ਦੱਖਣੀ ਕੋਰੀਆ ਵਿੱਚ ਏਸ਼ੀਅਨ ਖੇਡਾਂ ਵਿੱਚ ਸ਼ਮੂਲੀਅਤ ਕਰਕੇ ਕਿਸ਼ਤੀਬਾਜ਼ੀ ਵਿੱਚ ਸੋਨ ਤਮਗ਼ਾ ਹਾਸਲ ਕੀਤਾ ਹੈ ਅਤੇ ਉਨ੍ਹਾਂ ਨੇ ਕਾਮਨਾ ਕੀਤੀ ਹੈ ਕਿ ਪੂਰੇ ਦੇਸ਼ ਦੇ ਨੌਜਵਾਨ ਇਸੇ ਤਰੀਕੇ ਨਾਲ ਆਪਣੀ ਕਾਬਲੀਅਤ ਦੇ ਬਲਬੂਤੇ ਉੱਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ।
ਇਹ ਵੀ ਪੜ੍ਹੋ : ਪਟਿਆਲਾ ਦੀ ਤਨਿਸ਼ਪ੍ਰੀਤ ਕੌਰ ਸੰਧੂ ਨੇ ਏਸ਼ੀਆ ਬਾਕਸਿੰਗ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ