ਨਵੀਂ ਦਿੱਲੀ : ਭਾਰਤੀ ਹਾਕੀ ਪੁਰਸ਼ਾਂ ਦੀ ਟੀਮ ਅਗਲੇ ਸਾਲ ਹੋਣ ਜਾ ਰਹੀਆਂ ਟੋਕਿਓ 2020 ਓਲੰਪਿਕ ਖੇਡਾਂ ਵਿੱਚ ਆਪਣਾ ਪਹਿਲਾਂ ਮੁਕਾਬਲਾ 25 ਜੁਲਾਈ ਨੂੰ ਨਿਊਜ਼ੀਲੈਂਡ ਵਿਰੁੱਧ ਖੇਡਣ ਜਾ ਰਹੀ ਹੈ। ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਵੀ ਇਸੇ ਦਿਨ ਆਪਣੇ ਅਗਲੇ ਮੈਚ ਵਿੱਚ ਰਿਓ ਓਲੰਪਿਕ ਦੀ ਚਾਂਦੀ ਤਮਗ਼ਾ ਜੇਤੂ ਨੀਦਰਲੈਂਡ ਵਿਰੁੱਧ ਖੇਡੇਗੀ।
ਜਾਣਕਾਰੀ ਮੁਤਾਬਕ ਟੋਕਿਓ ਓਲੰਪਿਕ ਖੇਡਾਂ ਲਈ ਮੰਗਲਵਾਰ ਨੂੰ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੌਜ਼ੂਦਾ ਓਲੰਪਿਕ ਚੈਂਪੀਅਨ ਅਰਜਨਟੀਨਾ, ਆਸਟ੍ਰੇਲੀਆ, ਸਪੇਨ, ਨਿਊਜ਼ੀਲੈਂਡ ਅਤੇ ਜਾਪਾਨ ਦੇ ਨਾਲ ਪੂਲ-ਏ ਵਿੱਚ ਰੱਖਿਆ ਗਿਆ ਹੈ।
ਭਾਰਤੀ ਟੀਮ ਟੂਰਨਾਮੈਂਟ ਵਿੱਚ ਆਪਣਾ ਦੂਸਰਾ ਮੈਚ 26 ਜੁਲਾਈ 2020 ਨੂੰ ਆਸਟ੍ਰੇਲੀਆ ਨਾਲ ਅਤੇ ਤੀਸਰਾ ਮੈਚ 28 ਜੁਲਾਈ ਨੂੰ ਸਪੇਨ ਵਿਰੁੱਧ ਖੇਡੇਗੀ। ਇੱਕ ਦਿਨ ਦੀ ਬ੍ਰੇਕ ਤੋਂ ਬਾਅਦ ਭਾਰਤ ਨੂੰ ਆਪਣਾ ਅਗਲਾ ਮੈਚ 30 ਜੁਲਾਈ ਨੂੰ ਅਰਜਨਟੀਨਾ ਅਤੇ ਫ਼ਿਰ 31 ਜੁਲਾਈ ਨੂੰ ਮੇਜ਼ਬਾਨ ਜਾਪਾਨ ਵਿਰੁੱਧ ਖੇਡਣਾ ਹੈ। ਪੁਰਸ਼ ਵਰਗ ਦੇ ਕੁਆਰਟਰ ਫ਼ਾਇਨਲ ਮੁਕਾਬਲੇ ਵਿੱਚ 2 ਅਗਸਤ ਨੂੰ, ਜਦਕਿ ਸੈਮੀਫ਼ਾਈਨਲ ਮੁਕਾਬਲੇ 4 ਅਗਤਸ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ 6 ਅਗਸਤ 2020 ਨੂੰ ਫ਼ਾਇਨਲ ਅਤੇ ਤਾਂਬਾ ਤਮਗ਼ੇ ਦੇ ਮੁਕਾਬਲੇ ਹੋਣਗੇ।
ਤੁਹਾਨੂੰ ਦੱਸ ਦਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਵੀ 25 ਜੁਲਾਈ ਨੂੰ ਹੀ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। ਭਾਰਤੀ ਟੀਮ ਨੂੰ ਨੀਦਰਲੈਂਡ, ਜਰਮਨੀ, ਗ੍ਰੇਟ ਬ੍ਰਿਟੇਨ, ਆਇਰਲੈਂਡ ਅਤੇ ਦੱਖਣੀ ਅਫ਼ਰੀਕਾ ਦੇ ਨਾਲ ਪੂਲ-ਏ ਵਿੱਚ ਰੱਖਿਆ ਗਿਆ ਹੈ। ਭਾਰਤੀ ਮਹਿਲਾ ਹਾਕੀ ਟੀਮ 25 ਜੁਲਾਈ ਨੂੰ ਆਪਣਾ ਪਹਿਲਾ ਮੈਚ ਰਿਓ ਓਲੰਪਿਕ ਦੀ ਤਮਗ਼ਾ ਜੇਤੂ ਨੀਦਰਲੈਂਡ ਵਿਰੁੱਧ ਖੇਡੇਗੀ। ਇਸ ਤੋਂ ਬਾਅਦ ਉਸ ਨੇ ਆਪਣਾ ਦੂਸਰਾ ਮੈਚ 27 ਜੁਲਾਈ ਨੂੰ ਜਰਮਨੀ ਦੇ ਨਾਲ ਅਤੇ ਤੀਸਰਾ ਮੈਚ 29 ਜੁਲਾਈ ਨੂੰ ਗ੍ਰੇਟ ਬ੍ਰਿਟੇਨ ਵਿਰੁੱਧ ਖੇਡਣਾ ਹੈ।