ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਤਾਲਾਬੰਦੀ ਕੀਤੀ ਹੋਈ ਜਿਸ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਘਰਾਂ ਵਿੱਚ ਬੈਠੇ ਲੋੜਵੰਦ ਲੋਕਾਂ ਦੀ ਮਦਦ ਲਈ ਭਾਰਤੀ ਫੁੱਟਬਾਲ ਖਿਡਾਰੀ ਸੀਕੇ ਵਿਨੀਤ ਨੇ ਸਰਕਾਰੀ ਹੈਲਪਲਾਈਨ ਸੈਂਟਰ ਵਿੱਚ ਸ਼ਾਮਲ ਹੋ ਕੇ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ।
ਵਿਨੀਤ ਨਾਲ ਕੇਰਲ ਸਪੋਰਟਸ ਕੌਂਸਲ ਨੇ ਹੈਲਪਲਾਈਨ ਬਾਰੇ ਸੰਪਰਕ ਕੀਤਾ ਸੀ ਅਤੇ ਉਹ ਤੁਰੰਤ ਉਨ੍ਹਾਂ ਨਾਲ ਜੁੜ ਕੇ ਲੋਕਾਂ ਦੀ ਸੇਵਾ ਲਈ ਕੰਮ ਕਰਨ ਲੱਗ ਗਏ। ਵਿਨੀਤ ਨੇ ਕਿਹਾ ਕਿ ਉਹ ਅਜਿਹੀ ਐਮਰਜੈਂਸੀ ਦੇ ਹਾਲਾਤਾਂ ਵਿੱਚ ਜੋ ਵੀ ਕਰ ਸਕਣਗੇ, ਉਹ ਜ਼ਰੂਰ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਤਾਲਾਬੰਦੀ ਦੇ ਅਖ਼ੀਰ ਤੱਕ ਹੈਲਪਲਾਈਨ ਨਾਲ ਜੁੜੇ ਰਹਿਣਗੇ ਅਤੇ ਕੰਮ ਕਰਨਗੇ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਹੋਣ ਵਾਲਾ ਸ਼ੂਟਿੰਗ ਵਰਲਡ ਕੱਪ ਰੱਦ
ਹੋਰ ਜਾਣਕਾਰੀ ਦਿੰਦਿਆਂ ਸਟਾਰ ਖਿਡਾਰੀ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਦਾ ਕਹਿਰ ਖ਼ਤਮ ਨਹੀਂ ਹੁੰਦਾ ਓਦੋਂ ਤੱਕ ਇਹ ਹੈਲਪਲਾਈਨ ਜਾਰੀ ਰਹੇਗੀ ਅਤੇ ਕੇਰਲ ਵਿੱਚ ਹਾਲਾਤ ਹੁਣ ਪਹਿਲਾਂ ਨਾਲੋਂ ਸੁਧਰ ਰਹੇ ਹਨ।