ਨਵੀਂ ਦਿੱਲੀ: ਕਨਫੈਡਰੇਸ਼ਨ ਆਫ ਏਸ਼ੀਅਨ ਫੁੱਟਬਾਲ (ਏ.ਐਫ.ਸੀ.) ਨੇ ਭਾਰਤ ਨੂੰ 1979 ਤੋਂ ਬਾਅਦ ਪਹਿਲੀ ਵਾਰ 2022 ਦੇ ਮਹਿਲਾ ਏਸ਼ੀਅਨ ਕੱਪ ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਦਿੱਤਾ ਹੈ। ਇਹ ਫੈਸਲਾ ਏਐਫਸੀ ਮਹਿਲਾ ਫੁਟਬਾਲ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਫਰਵਰੀ ਵਿੱਚ ਏਐਫਸੀ ਮਹਿਲਾ ਫੁੱਟਬਾਲ ਕਮੇਟੀ ਨੇ ਭਾਰਤ ਨੂੰ ਮੇਜ਼ਬਾਨ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੂੰ ਲਿਖੇ ਇੱਕ ਪੱਤਰ ਵਿੱਚ, ਏਐਫਸੀ ਦੇ ਸਕੱਤਰ ਜਨਰਲ ਦਾਤੋ ਵਿੰਡਸਰ ਜੌਨ ਨੇ ਲਿਖਿਆ, "ਕਮੇਟੀ ਨੇ ਏਐਫਸੀ ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਦੀ ਮੇਜ਼ਬਾਨੀ ਦਾ ਅਧਿਕਾਰ ਆਲ ਇੰਡੀਆ ਫੁੱਟਬਾਲ ਨੂੰ ਸੌਂਪਿਆ ਹੈ।"
ਇਸ ਮੌਕੇ ਸੰਬੋਧਨ ਕਰਦਿਆਂ ਏਆਈਐਫਐਫ ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਕਿਹਾ ਕਿ ਮੈਨੂੰ ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਦਾ ਧੰਨਵਾਦ ਕਰਨਾ ਹੋਵੇਗਾ, ਜਿਨ੍ਹਾਂ ਨੇ ਸਾਨੂੰ 2022 ਵਿੱਚ ਏਐਫਸੀ ਮਹਿਲਾ ਏਸ਼ੀਆ ਕੱਪ ਦੀ ਮੇਜ਼ਬਾਨੀ ਲਈ ਉਚਿਤ ਸਮਝਿਆ।
ਇਹ ਵੀ ਪੜ੍ਹੋ: ਕੋਵਿਡ-19 ਕਾਰਨ ਹੈਦਰਾਬਾਦ ਓਪਨ ਬੈਡਮਿੰਟਨ ਟੂਰਨਾਮੈਂਟ ਰੱਦ, BWF ਨੇ ਕੀਤੀ ਪੁਸ਼ਟੀ
ਉਨ੍ਹਾਂ ਕਿਹਾ, "ਇਹ ਟੂਰਨਾਮੈਂਟ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਤ ਕਰੇਗਾ ਅਤੇ ਜਿੱਥੋਂ ਤੱਕ ਦੇਸ਼ ਵਿੱਚ ਮਹਿਲਾ ਫੁੱਟਬਾਲ ਦਾ ਸਬੰਧ ਹੈ, ਇਹ ਟੂਰਨਾਮੈਂਟ ਸਮਾਜਿਕ ਕ੍ਰਾਂਤੀ ਲਿਆਵੇਗਾ।"
ਟੂਰਨਾਮੈਂਟ ਵਿੱਚ 12 ਟੀਮਾਂ ਹਿੱਸਾ ਲੈਣਗੀਆਂ ਜੋ ਪਿਛਲੇ ਪੜਾਅ ਦੀਆਂ 8 ਟੀਮਾਂ ਤੋਂ ਵਧਾ ਦਿੱਤੀਆਂ ਗਈਆਂ ਹਨ। ਭਾਰਤ ਮੇਜ਼ਬਾਨ ਵਜੋਂ ਸਿੱਧੇ ਕੁਆਲੀਫਾਈ ਕਰੇਗਾ। ਇਹ ਟੂਰਨਾਮੈਂਟ 2023 ਫੀਫਾ ਮਹਿਲਾ ਵਿਸ਼ਵ ਕੱਪ ਲਈ ਆਖ਼ਰੀ ਯੋਗਤਾ ਟੂਰਨਾਮੈਂਟ ਵਜੋਂ ਵੀ ਕੰਮ ਕਰੇਗਾ।
ਏਆਈਐਫਐਫ ਲਈ ਇਹ ਮੇਜ਼ਬਾਨੀ ਮਨੋਬਲ ਨੂੰ ਵਧਾਉਣ ਵਾਲੀ ਹੈ ਕਿਉਂਕਿ ਇਸ ਨੂੰ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਦਿੱਤੀ ਗਈ ਸੀ ਜੋ ਅਗਲੇ ਸਾਲ 17 ਫਰਵਰੀ ਤੋਂ 7 ਮਾਰਚ ਤੱਕ ਹੋਵੇਗੀ।
ਏਆਈਐਫਐਫ ਨੇ ਇਸ ਤੋਂ ਪਹਿਲਾਂ 2017 ਵਿੱਚ ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਇਸ ਤੋਂ ਇਲਾਵਾ ਉਹ 2016 ਵਿੱਚ ਏਐਫਸੀ ਯੂ 16 ਚੈਂਪੀਅਨਸ਼ਿਪ ਦੀ ਮੇਜ਼ਬਾਨੀ ਵੀ ਕਰ ਚੁੱਕੀ ਹੈ।
ਏਆਈਐਫਐਫ ਦੇ ਜਨਰਲ ਸੈਕਟਰੀ ਕੁਸ਼ਲ ਦਾਸ ਨੇ ਕਿਹਾ ਕਿ ਇਹ ਟੂਰਨਾਮੈਂਟ ਭਾਰਤ ਵਿੱਚ ਔਰਤਾਂ ਦੇ ਫੁੱਟਬਾਲ ਨੂੰ ਪ੍ਰਸਿੱਧ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।